Amritsar News: ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੀ ਗਿਣਤੀ 500 ਤੱਕ ਹੋਣ ਦੀ ਸੰਭਾਵਨਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸ਼ਤਾਬਦੀ ਦੇ ਸਬੰਧ ਵਿੱਚ ਪਾਕਿਸਤਾਨ ਸਥਿਤ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਮੁੱਖ ਸਮਾਗਮ 30 ਅਕਤੂਬਰ ਨੂੰ ਕਰਨ ਦਾ ਪ੍ਰੋਗਰਾਮ ਹੈ।
ਸ਼ਤਾਬਦੀ ਸਮਾਗਮਾਂ ਦੇ ਪ੍ਰੋਗਰਾਮ ਨੂੰ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਵਿੱਚ ਇਸ ਸ਼ਤਾਬਦੀ ਸਬੰਧੀ ਦੋ ਪ੍ਰੋਗਰਾਮ ਗੁਰਦੁਆਰਾ ਪੰਜਾ ਸਾਹਿਬ ਵਿੱਚ ਤੇ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ਵਿਖੇ ਕੀਤੇ ਜਾਣੇ ਹਨ।
ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਇੰਚਾਰਜ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਗਪਗ ਦੋ ਸੌ ਸ਼ਰਧਾਲੂਆਂ ਨੂੰ ਭੇਜਣ ਦੀ ਯੋਜਨਾ ਸੀ ਤੇ ਕਮੇਟੀ ਵੱਲੋਂ 150 ਤੋਂ ਵੱਧ ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨੀ ਸਫ਼ਾਰਤਖਾਨੇ ਕੋਲ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਇਸ ਸ਼ਹੀਦੀ ਸਾਕੇ ਦੀ ਸ਼ਤਾਬਦੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਕਮੇਟੀ ਤੇ ਦਿੱਲੀ ਅਕਾਲੀ ਦਲ ਤੇ ਪਰਮਜੀਤ ਸਿੰਘ ਸਰਨਾ ਵੱਲੋਂ ਵੀ ਸ਼ਰਧਾਲੂਆਂ ਦੇ ਜਥੇ ਭੇਜੇ ਜਾ ਰਹੇ ਹਨ ਜਦਕਿ ਕੁਝ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨੀ ਸਫ਼ਾਰਤਖਾਨੇ ਨੂੰ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਅਟਾਰੀ-ਵਾਹਗਾ ਸਰਹੱਦ ਤੋਂ ਸੜਕੀ ਮਾਰਗ ਰਾਹੀਂ ਹਸਨ ਅਬਦਾਲ ਲਈ ਰਵਾਨਾ ਹੋਣਗੇ, ਜੋ 26 ਜਾਂ 27 ਅਕਤੂਬਰ ਨੂੰ ਹਸਨ ਅਬਦਾਲ ਲਈ ਰਵਾਨਾ ਹੋ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :