Amritsar: ਸ੍ਰੀ ਹਰਿਮੰਦਰ ਸਾਹਿਬ ਵਿਖੇ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਕੈਸ਼ ਕਾਊਂਟਰ 'ਤੇ ਤਿੰਨ ਸ਼ਾਤਰਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਪਾਸੋਂ ਅਰਦਾਸ ਦੀ ਮਾਇਆ ਇਕੱਤਰ ਕਰਨ ਵਾਲੇ ਕਾਊਂਟਰ ਤੋਂ ਇਕ ਲੱਖ ਰੁਪਏ ਚੋਰੀ ਹੋ ਗਏ। ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ ਜਦੋਂਕਿ ਦੁੱਖ ਭੰਜਨੀ ਬੇਰੀ ਬਾਹੀ ਵਾਲੇ ਪਾਸੇ ਬਣੇ ਕੈਸ਼ ਕਾਊਂਟਰ ’ਤੇ ਤਾਇਨਾਤ ਕਲਰਕ ਰਸ਼ਪਾਲ ਸਿੰਘ ਬੈਠਾ ਸੀ ਤਾਂ ਇਕ ਔਰਤ ਤੇ ਦੋ ਵਿਅਕਤੀ ਉਸ ਕੋਲ ਆਏ ਤੇ ਰਸੀਦ ਕਟਵਾਈ।
ਇਸੇ ਦੌਰਾਨ ਇਕ ਵਿਅਕਤੀ ਦੇ ਪੈਸੇ ਡਿੱਗ ਗਏ ਤਾਂ ਕਲਰਕ ਨੇ ਸਬੰਧਤ ਵਿਅਕਤੀ ਨੂੰ ਪੈਸੇ ਚੁੱਕਣ ਲਈ ਕਿਹਾ। ਇਸੇ ਦੌਰਾਨ ਵਿਅਕਤੀ ਦੇ ਪੈਸੇ ਚੁੱਕਣ ਦੇ ਸਹਿਯੋਗ ਸਮੇਂ ਦੂਸਰੇ ਵਿਅਕਤੀ ਨੇ ਕਾਊਂਟਰ ਦੇ ਗੱਲੇ ’ਚੋਂ ਇਕ ਲੱਖ ਰੁਪਏ 50-50 ਹਜ਼ਾਰ ਦੇ ਦੋ ਬੰਡਲ ਚੋਰੀ ਕਰ ਲਏ। ਪੈਸੇ ਕੱਢਣ ਤੋਂ ਬਾਅਦ ਤਿੰਨੇ ਜਣੇ ਰਫੂਚੱਕਰ ਹੋ ਗਏ।
ਇਹ ਘਟਨਾ ਸਬੰਧਤ ਕਲਰਕ ਨੂੰ ਤਕਰੀਬਨ ਇਕ ਘੰਟੇ ਬਾਅਦ ਉਸ ਸਮੇਂ ਪਤਾ ਲੱਗੀ ਜਦੋਂ ਉਸ ਨੇ ਕੈਸ਼ ਦਾ ਮਿਲਾਣ ਕੀਤਾ ਤਾਂ ਇਕ ਲੱਖ ਰੁਪਏ ਘੱਟ ਸੀ। ਪ੍ਰਬੰਧਕ ਸੀਸੀਟੀਵੀ ਦੀ ਘੋਖ ਕਰ ਕੇ ਮੁਲਜ਼ਮਾਂ ਨੂੰ ਲੱਭਣ ਦੀ ਭਾਲ 'ਚ ਲੱਗੇ ਹੋਏ ਹਨ। ਕਿਤੇ ਨਾ ਕਿਤੇ ਇਸ ਘਟਨਾ ਨਾਲ ਪ੍ਰਬੰਧਕਾਂ 'ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ।
ਇਸ ਸਬੰਧੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਕਿਹਾ ਕਿ ਨੌਸਰਬਾਜ਼ਾਂ ਵੱਲੋਂ ਕਲਰਕ ਨੂੰ ਧੋਖਾ ਦੇ ਕੇ ਗੱਲੇ 'ਚੋਂ ਇਕ ਲੱਖ ਰੁਪਏ ਚੋਰੀ ਕੀਤੇ ਹਨ ਜਿਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਇਹ ਨੌਸਰਬਾਜ਼ ਪੰਜਾਬ ਤੋਂ ਬਾਹਰ ਦੇ ਲੱਗਦੇ ਹਨ।