ਅੰਮ੍ਰਿਤਸਰ : ਨਵਜੋਤ ਸਿੱਧੂ ਦੀ ਰਹਾਇਸ਼ੀ ਕਲੋਨੀ ਹੋਲੀ ਸਿਟੀ ਵਿੱਚ ਦਾਖਲ ਹੋਣ ਲਈ ਤੁੰਗ ਢਾਬ ਡਰੇਨ ਤੇ ਬਣੇਂ ਪੁਲ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਗੈਰ ਕਾਨੂੰਨੀ ਘੋਸ਼ਿਤ ਕਰਦਿਆਂ ਇਸ ਪੁਲ ਨੂੰ ਢਾਉਣ ਦੇ ਆਦੇਸ਼ ਦਿੱਤੇ ਹਨ। ਕਰੋੜਾਂ ਰੁਪਏ ਖਰਚ ਕੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਲੋਨੀ ਵਿੱਚ ਰਹਿ ਰਹੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਲੋਕ ਇਸ ਕਲੋਨਾਈਜ਼ਰ ਵਿਰੁੱਧ ਧੋਖਾਧੜੀ ਕਰਨ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵਾਈ ਅੱਡਾ ਰੋਡ ਨੇੜੇ ਬਾਈਪਾਸ ਉਪਰ ਬਣੀ ਇਹ ਕਾਲੋਨੀਂ ਪਿਛਲੇ ਕੁਝ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਕਲੋਨਾਈਜ਼ਰ ਵਲੋਂ ਕੀਤੀਆਂ ਗਈਆਂ ਅਨੇਕਾਂ ਬੇਨਿਯਮੀਆਂ ਨੂੰ ਲੈ ਕੇ ਕਲੋਨੀ ਵਾਸੀ ਪਹਿਲਾਂ ਹੀ ਸਰਕਾਰੇ ਦਰਬਾਰੇ ਅਤੇ ਮਾਣਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ।
ਕਲੋਨੀ ਦੇ ਬਾਹਰੋਂ ਅਟਾਰੀ ਬਾਰਡਰ ਨੂੰ ਜਾਣ ਵਾਲੇ ਮੁੱਖ ਹਾਈਵੇ ਨਾਲ ਵਗਦੀ ਤੁੰਗ ਢਾਬ ਡਰੇਨ ਉਪਰ ਕਲੋਨਾਈਜ਼ਰ ਵਲੋਂ ਕਲੋਨੀ ਕੱਟਣ ਤੋਂ ਪਹਿਲਾਂ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਪੁਲ ਉਸਾਰਿਆ ਗਿਆ ਸੀ ਅਤੇ ਇਸ ਸਬੰਧੀ ਉਸ ਸਮੇਂ ਸਾਲ 2004 ਵਿਚ ਵੀ ਮਹਿਕਮੇ ਨੂੰ ਇਸ ਗੈਰ ਕਾਨੂੰਨੀ ਪੁਲ ਦੀ ਸ਼ਿਕਾਇਤ ਮਿਲੀ ਸੀ ਜਿਸ ਉਪਰ ਕਾਰਵਾਈ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ
ਫਿਰ 15/6/2004 ਨੂੰ ਮਹਿਕਮੇ ਦੇ ਅਧਿਕਾਰੀਆਂ ਨੇ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਸਰ ਜਲ ਨਿਕਾਸ ਮੰਡਲ ਨੂੰ ਪੱਤਰ ਨੰਬਰ 511ਤਹਿਤ ਦੱਸਿਆ ਗਿਆ ਕਿ ਆਪ ਜੀ ਦੇ ਪੱਤਰ ਨੰਬਰ ਪਿੱਠ ਅੰਕ ਨੰਬਰ 2806/2004 ਮਿਤੀ 14/6/2004 ਦੇ ਤਹਿਤ ਇਲਾਕੇ ਦੇ ਜੇ ਈ ਤੋਂ ਹੋਰ ਟੀਮ ਨਾਲ ਮੌਕੇ ਤੇ ਜਾ ਕੇ ਵੇਖਿਆ ਗਿਆ ਹੈ ਡਰੇਨ ਦੀ ਭੁਰਜੀ 35150 ਦੇ ਸਾਹਮਣੇ ਬਣਾਇਆਂ ਜਾ ਰਿਹਾ ਇਹ ਪੁਲ ਗੈਰਕਾਨੂੰਨੀ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ 20 ਸਾਲ ਤੱਕ ਮਹਿਕਮੇ ਵਲੋਂ ਇਸ ਰਿਪੋਰਟ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਨਾਲ ਮਹਿਕਮੇ ਦੇ ਅਧਿਕਾਰੀਆਂ ਦੇ ਕੰਮਕਾਜ ਉਪਰ ਸਵਾਲੀਆ ਚਿੰਨ੍ਹ ਲੱਗਦਾ ਹੈ। ਇਸਤੋ ਅੱਗੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪੁੱਡਾ ਵਲੋਂ ਕੀ ਵੇਖਕੇ ਇਸ ਕਲੋਨਾਈਜ਼ਰ ਨੂੰ ਲਾਇਸੈਂਸ ਜਾਰੀ ਕੀਤੇ ਗਏ ਸਨ। ਪਿਛਲੇ ਵੀਹ ਸਾਲਾਂ ਤੋਂ ਇਹ ਕਲੋਨਾਈਜਰ ਅਰਬਾਂ ਰੁਪਏ ਕਮਾ ਚੁੱਕਾ ਹੈ ਅਤੇ ਲੋਕਾਂ ਤੇ ਸਰਕਾਰ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਇਸ ਕਲੋਨਾਈਜਰ ਵਲੋਂ ਡਰੇਨ ਦੇ ਨੇੜਿਓਂ ਸਰਕਾਰੀ ਰਸਤਾ ਪੁੱਟਿਆ ਗਿਆ ਹੈ ਪਰ ਮਹਿਕਮਾ ਇਸ ਸਬੰਧੀ ਵੀ ਮੌਣ ਧਾਰੀ ਬੈਠਾ ਹੈ।
ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਕਲੋਨੀ ਦੇ ਮੁੱਖ ਗੇਟ ਉਪਰ ਲਾਏ ਪੁਲ ਦੇ ਗੈਰਕਾਨੂੰਨੀ ਹੋਣ ਦੇ ਨੋਟਿਸ ਕਾਰਨ ਲੋਕਾਂ ਉਪਰ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਉਧਰ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਕੇ ਮੰਗ ਕੀਤੀ ਗਈ ਹੈ ਕਿ ਇਸ ਕਲੋਨਾਈਜ਼ਰ ਵਿਰੁੱਧ ਸਰਕਾਰ ਅਤੇ ਲੋਕਾਂ ਨਾਲ ਧੋਖਾ ਕਰਨ ਤਹਿਤ ਕੇਸ ਦਰਜ਼ ਕਰਕੇ ਇਸਨੂੰ ਜੇਲ ਵਿਚ ਬੰਦ ਕੀਤਾ ਜਾਵੇ