Pakistan Drone: ਅੰਮ੍ਰਿਤਸਰ ਸਰਹੱਦ ਉੱਤੇ ਮੁੜ ਤੋਂ ਪਾਕਿਸਤਾਨ ਡਰੋਨ ਦੀ ਹਲਚਲ ਹੋਈ ਹੈ ਜਿਸ ਨੂੰ ਬੀਐਸਐਫ਼ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕੱਕੜ ਦੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ, ਬਰਾਮਦ ਕੀਤਾ ਗਿਆ ਡਰੋਨ ਇੱਕ ਅਸੈਂਬਲਡ ਕਵਾਡਕਾਪਟਰ ਹੈ। ਇਹ ਡਰੋਨ ਪੰਜਾਬ ਪੁਲਿਸ ਤੇ ਬੀਐਸਐਫ਼ ਵੱਲੋਂ ਸਾਂਝੀ ਕਾਰਵਾਈ ਦੌਰਾਨ ਬਰਾਮਦ ਹੋਇਆ ਹੈ।






ਜ਼ਿਕਰ ਕਰ ਦਈਏ ਕਿ ਬੀਤੇ ਦਿਨ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਤਰਨਤਾਰਨ ਵਿੱਚ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ। ਰਾਤ ਦੇ ਦੌਰਾਨ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਕੀਤੀ ਸੀ ਜਿਸ ਤੋਂ ਬਾਅਦ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਜਵਾਨਾਂ ਨੇ ਡਰੋਨ ਬਰਾਮਦ ਕਰ ਲਿਆ ਹੈ।  ਦੱਸ ਦਈਏ ਕਿ ਬੀਐਸਐਫ ਦੇ ਜਵਾਨਾਂ ਨੇ ਇਹ ਡਰੋਨ ਸਰਹੱਦੀ ਪਿੰਡ ਰਾਜੋਕੇ ਤੋਂ ਬਰਾਮਦ ਕੀਤਾ ਹੈ। ਬੀਐਸਐਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਡਰੋਨ ਰਾਤ 9.05 ਵਜੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨ ਚੌਕਸ ਹੋ ਗਏ ਅਤੇ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਰਾਤ ਨੂੰ ਹੀ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਕੁਝ ਸਮਾਂ ਪਹਿਲਾਂ ਸਰਹੱਦੀ ਪਿੰਡ ਰਾਜੋਕੇ ਦੇ ਖੇਤਾਂ ਵਿੱਚ ਜਵਾਨਾਂ ਨੇ ਡਰੋਨ ਬਰਾਮਦ ਕੀਤਾ ਸੀ। ਇਹ DJI Matrice 300 RTK ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ 'ਤੇ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ।


ਜੂਨ ਵਿੱਚ ਬੀਐਸਐਫ ਜਵਾਨਾਂ ਨੇ ਇੱਕ ਮਹੀਨੇ ਵਿੱਚ 8 ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਕਰੀਬ 10 ਦਿਨਾਂ ਤੱਕ ਡਰੋਨ ਦੀ ਆਵਾਜਾਈ 'ਚ ਕਾਫੀ ਕਮੀ ਆਈ। ਇਸ ਤੋਂ ਪਹਿਲਾਂ 1 ਜੁਲਾਈ ਅਤੇ 29 ਜੂਨ ਨੂੰ ਜਵਾਨਾਂ ਨੇ ਸਰਹੱਦ ਤੋਂ ਹੈਰੋਇਨ ਦੀ ਇਕ ਖੇਪ ਬਰਾਮਦ ਕੀਤੀ ਸੀ, ਜਿਸ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ।