ਅੰਮ੍ਰਿਤਸਰ: ਗੁਰੂ ਨਗਰੀ ਸਥਿਤ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ “ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਅੰਡਰ-14, 17 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੇ ਸੂਬਾ ਪੱਧਰੀ ਗੱਤਕਾ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ। ਸਿੱਖੀ ਸਰੂਪ ਵਿੱਚ ਸੱਜੇ ਸਮੁੱਚੇ ਖਿਡਾਰੀ ਜਿੱਥੇ ਗਤਕੇ ਦੇ ਪ੍ਰਦਰਸ਼ਨੀ ਰਾਹੀਂ ਆਪਣੇ ਬੇਮਿਸਾਲ ਖੇਡ ਫੰਨ ਦਾ ਮੁਜ਼ਾਹਰਾ ਕਰ ਰਹੇ ਹਨ ਉੱਥੇ ਨਸ਼ਿਆਂ ਦੀ ਦਲਦਲ ਵਿੱਚ ਫੱਸ ਕੇ ਕੁਰਾਹੇ ਪਈ ਨੌਜ਼ਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਰਹੁ ਰੀਤਾਂ, ਰਵਾਇਤਾ, ਪਰੰਪਰਾਵਾਂ ਤੇ ਵਿਰਾਸਤੀ ਖੇਡਾਂ ਦੇ ਨਾਲ ਜੁੜਣ ਦਾ ਸੁਨੇਹਾ ਵੀ ਦੇ ਰਹੇ ਹਨ।  

ਜ਼ਿਲ੍ਹਾ ਡੀਐਸਓੁ ਜਸਮੀਤ ਕੌਰ ਦੇ ਬੇਮਿਸਾਲ ਪ੍ਰਬੰਧਾਂ ਕਨਵੀਨਰ ਮਨਵਿੰਦਰ ਸਿੰਘ ਦੀ ਦੇਖਰੇਖ ਹੇਠ ਆਯੋਜਿਤ ਫਰੀ ਸੋਟੀ ਟੀਮ, ਸਿੰਗਲ ਸੋਟੀ ਟੀਮ ਤੇ ਸ਼ਸ਼ਤਰ ਪ੍ਰਦਰਸ਼ਨ ਟੀਮ ਗਤਕਾ ਮੁਕਾਬਲਿਆਂ ਦਾ ਸ਼ੁੱਭਾਰੰਭ ਉੱਘੇ ਗੁਰਬਾਣੀ ਪ੍ਰਚਾਰਕ ਤੇ ਕਾਰ ਸੇਵਕ ਅਤੇ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਨੌਧ ਸਿੰਘ ਜੀ ਚੀਚਾ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ ਤੇ ਕਿਹਾ ਕਿ ਅਜੌਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਰੂਪ ਤੇ ਸਿੱਖ ਜੀਵਨਸ਼ੈਲੀ ਦੀ ਮਿਸਾਲ ਇੰਨ੍ਹਾ ਖਿਡਾਰੀਆਂ ਦੇ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। 

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਦਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਰਾਹੀਂ “ਇੱਕ ਪੰਥ ਦੋ ਕਾਜ” ਵਾਲੀ ਕਹਾਵਤ ਨੂੰ ਹਕੀਕੀ ਰੂਪ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਲੋਂ ਖੇਡ ਖੇਤਰ ਨੂੰ ਪ੍ਰਫੁੱਲਤ ਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਭਵਿੱਖ ਵਿੱਚ ਸਾਰਥਿਕ ਸਿੱਧ ਹੋਵੇਗਾ। ਸਮੁੱਚੇ ਵਰਗਾ ਨੂੰ ਇਸ ਦਾ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਸਿੱਖ ਮਾਰਸ਼ਲ ਆਰਟ ਗਤਕਾ ਖੇਡ ਹੀ ਇੱਕ ਅਜਿਹੀ ਖੇਡ ਹੈ ਜ਼ੋ ਖੇਡ ਖੇਤਰ ਦੇ ਨਾਲ ਨਾਲ ਆਪਣੇ ਸਿੱਖੀ ਸਰੂਪ ਤੇ ਸਿੱਖ ਧਰਮ ਦੇ ਨਾਲ ਜੁੜਣ ਦਾ  ਸੁਨੇਹਾ ਦਿੰਦੀ ਹੈ। ਵਿਸ਼ਵ ਪੱਧਰ ਤੇ ਇਸ ਦੀ ਵਿਲੱਖਣ ਪਹਿਚਾਣ ਕਾਇਮ ਕਰਨਾ ਵੀ ਸਿੱਖ  ਕੌਮ ਤੇ ਸਿੱਖ ਪੰਥ ਦੀ ਇੱਕ ਵੱਡੀ ਪ੍ਰਾਪਤੀ ਹੈ। ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਲਈ ਕੋਸ਼ਿਸ਼ਾ ਜਾਰੀ ਰਹਿਣੀਆਂ ਚਾਹੀਦੀਆਂ ਹਨ। 

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ: