Punjab News : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਖਰੀਦ ਬਾਰੇ ਗੱਲਬਾਤ ਕਰਦੇ ਦੱਸਿਆ ਕਿ ਇਸ ਵਾਰ ਝੋਨੇ ਦੀ ਅਦਾਇਗੀ ਦਿਨਾਂ ਵਿੱਚ ਨਹੀਂ ਕੇਵਲ ਘੰਟਿਆਂ ਵਿੱਚ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 1943 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਭੇਜੇ ਜਾ ਚੁੱਕੇ ਹਨ। ਝੋਨੇ ਦੀ ਫ਼ਸਲ ਦੀ ਸਰਕਾਰੀ ਖਰੀਦ ਲਈ ਅੰਮ੍ਰਿਤਸਰ ਜ਼ਿਲੇ ’ਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰਈਆ ਅਤੇ ਜੰਡਿਆਲਾ ਗੁਰੂ ਦਾਣਾ ਮੰਡੀਆਂ ਦਾ ਦੌਰਾ ਕਰਨ ਮਗਰੋਂ ਖਰੀਦ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ -ਇੱਕ ਦਾਣਾ ਖਰੀਦਿਆ ਜਾਵੇਗਾ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹੁਣ ਤੱਕ 18.5 ਮੀਟਿਰਕ ਟਨ ਝੋਨਾ ਮੰਡੀਆਂ ਵਿੱਚ ਆਇਆ ਹੈ, ਜਿਸ ਵਿਚੋਂ 17.5 ਮੀਟਿਰਕ ਟਨ ਦੀ ਖਰੀਦ ਅਤੇ 7.5 ਮੀਟਿਰਕ ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਵਜੋਂ 1943 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਜਾ ਚੁੱਕੇ ਹਨ, ਜੋ ਕਿ ਖਰੀਦ ਦੇ ਚੰਦ ਘੰਟਿਆਂ ਬਾਅਦ ਹੀ ਕੀਤੀ ਜਾ ਰਹੀ ਹੈ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਚੰਗੀ ਤਰਾਂ ਪੱਕੀ ਫ਼ਸਲ ਦੀ ਹੀ ਵਾਢੀ ਕੀਤੀ ਜਾਵੇ ਤਾਂ ਜੋ ਇਸ ’ਚ ਨਮੀਂ ਦੀ ਮਾਤਰਾ ਜ਼ਿਆਦਾ ਨਾ ਹੋਵੇ ਤੇ ਖਰੀਦ ਏਜੰਸੀਆਂ ਵੱਲੋਂ ਇਸਨੂੰ ਬਿਨਾਂ ਕਿਸੇ ਦੇਰੀ ਤੋਂ ਖਰੀਦਿਆ ਜਾ ਸਕੇ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਖਰੀਦਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੂਬੇ ’ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਫ਼ਸਲ ਦੀ ਖਰੀਦ ਤੋਂ ਕੁਝ ਹੀ ਘੰਟਿਆਂ ਅੰਦਰ ਇਸਦੀ ਅਦਾਇਗੀ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਭਰ ਵਿੱਚ ਮੰਡੀਆਂ ਵਿੱਚ ਜਾ ਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਹਨ ਅਤੇ ਅੰਮ੍ਰਿਤਸਰ 19ਵਾਂ ਜ਼ਿਲ੍ਹਾ ਹੈ, ਜਿਥੇ ਉਨ੍ਹਾਂ ਵੱਲੋਂ ਮੰਡੀਆਂ ਵਿੱਚ ਜਾ ਕੇ ਖਰੀਦ ਪ੍ਰਬੰਧਾਂ ਅਤੇ ਕਿਸਾਨਾਂ ਤੇ ਆੜਤੀਆਂ ਆਦਿ ਨਾਲ ਖਰੀਦ ਪ੍ਰਬੰਧਾਂ ਦੀ ਜਾਣਕਾਰੀ ਲਈ ਗਈ ਹੈ।
ਰਈਆ ਦਾਣਾ ਮੰਡੀ ਵਿੱਚ ਖਰੀਦ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਖਰੀਦ ਪ੍ਰਕਿਰਿਆ ਨਾਲ ਜੁੜੇ ਹਰ ਵਰਗ ਜਿਨਾਂ ’ਚ ਆੜਤੀ, ਮਜ਼ਦੂਰ, ਟਰਾਂਸਪੋਰਟਰ ਆਦਿ ਵੀ ਸ਼ਾਮਲ ਹਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ ਅਤੇ ਵਿਸ਼ਵ ਪੱਧਰ ਉਤੇ ਪੈਦਾ ਹੋਏ ਮਾਹੌਲ ਤੋਂ ਆਸ ਕਿ ਸਾਰੀਆਂ ਧਿਰਾਂ ਲਈ ਝੋਨੇ ਦਾ ਇਹ ਸੀਜ਼ਨ ਬਹੁਤ ਵਧੀਆ ਰਹੇਗਾ। ਇਸ ਮੌਕੇ ਡੀਐਫਸੀ ਸ੍ਰੀਮਤੀ ਸੰਜੋਗਤਾ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਿਸਾਨ ਸੇਵਾ ਕੇਦਰ, ਸਿਹਤ ਸੇਵਾ ਕੇਂਦਰ ਅਤੇ ਹੈਲਪਲਾਈਨ ਨੰਬਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਜਦੋਂ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਪਰੋਕਤ ਤੇ ਰਾਬਤਾ ਕਰ ਸਕਣ।