Punjab News: ਅਕਾਲੀ ਦਲ ਦੇ ਬਾਗੀ ਧੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਅੱਜ ਸੋਮਵਾਰ ਨੂੰ ਪੂਰੀ ਹੋ ਗਈ ਜਿਸ ਤੋਂ ਬਾਅਦ ਸਮੁੱਚਾ ਬਾਗੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਦਮਦਮਾ ਸਾਹਿਬ ਵਿਖੇ ਹੈ ਜਿੱਥੇ ਉਹ ਅੱਜ ਆਪਣੀ ਸਜ਼ਾ ਪੂਰੀ ਕਰ ਰਿਹਾ ਹੈ। ਬਾਗੀ ਧੜੇ ਨੇ ਐਲਾਨ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅੱਜ ਸੁਧਾਰ ਲਹਿਰ ਦਾ ਢਾਂਚਾ ਭੰਗ ਕੀਤਾ ਜਾ ਰਿਹਾ ਹੈ।


ਅੱਜ ਸੁਖਬੀਰ ਬਾਦਲ ਹੱਥ ਵਿੱਚ ਬਰਛਾ ਤੇ ਗਲ ਵਿੱਚ ਤਖ਼ਤੀ ਪਾਕੇ  ਸੇਵਾਦਾਰ ਦੇ ਰੂਪ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸਜ਼ਾ ਭੁਗਤ ਰਿਹਾ ਹੈ। ਅੱਜ ਉਸ ਦੀ ਸਜ਼ਾ ਦਾ ਸੱਤਵਾਂ ਦਿਨ ਹੈ। ਸੁਖਬੀਰ ਬਾਦਲ 10 ਦਸੰਬਰ ਤੱਕ ਦਮਦਮਾ ਸਾਹਿਬ ਵਿਖੇ ਸੇਵਾ ਕਰੇਗਾ। ਇਸ ਤੋਂ ਬਾਅਦ ਉਸ ਨੇ ਸ੍ਰੀ ਮੁਕਤਸਰ ਸਾਹਿਬ ਜਾ ਕੇ 12 ਦਸੰਬਰ ਤੱਕ ਉੱਥੇ ਆਪਣੀ ਸਜ਼ਾ ਪੂਰੀ ਕਰਨੀ ਹੈ।



ਪ੍ਰੇਮ ਸਿੰਘ ਚੰਦੂਮਾਜਰਾ ਤੇ ਦਾਗੀ ਧੜੇ ਦੇ ਹੋਰ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪੁੱਜੇ। ਜਿੱਥੇ ਉਨ੍ਹਾਂ ਨੇ ਆਪਣੀ ਸਜ਼ਾ ਪੂਰੀ ਹੋਣ ਦੀ ਜਾਣਕਾਰੀ ਦਿੱਤੀ। ਬਾਹਰ ਆਉਂਦਿਆਂ ਚੰਦੂਮਾਜਰਾ ਨੇ ਕਿਹਾ ਕਿ ਸਜ਼ਾ ਦੇਣ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਈ ਹੁਕਮ ਦਿੱਤੇ ਸਨ, ਜਿਨ੍ਹਾਂ ਦੀ ਹੁਣ ਪਾਲਣਾ ਹੋਣੀ ਚਾਹੀਦੀ ਹੈ।


ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਸੁਧਾਰ ਲਹਿਰ ਦਾ ਢਾਂਚਾ ਟੁੱਟ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹਰ ਕੋਈ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ। ਸਜ਼ਾ ਸੁਣਾਉਣ ਸਮੇਂ ਸਾਰਿਆਂ ਦੇ ਅਸਤੀਫ਼ੇ ਸਵੀਕਾਰ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਨੂੰ ਪ੍ਰਵਾਨ ਕਰਕੇ ਜਲਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।



ਇਸ ਦੇ ਨਾਲ ਹੀ ਹੋਰਨਾਂ ਬਾਗੀ ਧੜਿਆਂ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦੇ ਗਠਨ ਲਈ ਬਣਾਈ ਕਮੇਟੀ ਦਾ ਮੁਖੀ ਚੁਣਿਆ ਹੈ ਪਰ ਅੱਜ ਤੱਕ ਇਸ ਸਬੰਧੀ ਇੱਕ ਵੀ ਮੀਟਿੰਗ ਨਹੀਂ ਹੋਈ।


ਇਹ ਵੀ ਪੜ੍ਹੋ-Punjab News: ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਨੇ ਸੱਦੀ ਅਹਿਮ ਮੀਟਿੰਗ, ਚੌੜਾ ਨੂੰ ਪੰਥ ਚੋਂ ਛੇਕਣ ਬਾਰੇ ਹੋ ਸਕਦੀ ਚਰਚਾ ?