ਅੰਮ੍ਰਿਤਸਰ - ਅੰਮ੍ਰਿਤਸਰ ਦੇ ਕਾਰੋਬਾਰੀ ਅਤੇ ਕਿਸਾਨਾਂ ਦੀਆਂ ਲੋੜਾਂ ਲਈ ਖੇਤੀ ਅਤੇ ਡੇਅਰੀ ਉਤਪਾਦਾਂ ਦੇ ਮਿਆਰ ਦੀ ਜਾਂਚ ਕਰਨ ਲਈ ਹੁਣ ਮੁਹਾਲੀ ਜਾਂ ਦੂਰ ਦੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਬਲਕਿ ਇਸ ਲਈ ਨਮੂਨੇ ਅੰਮ੍ਰਿਤਸਰ ਵਿੱਚ ਹੀ ਦਿੱਤੇ ਜਾ ਸਕਣਗੇ। ਮੁਹਾਲੀ ਸਥਿਤ ਪੰਜਾਬ ਬਾਇਓਟੈਕਨਾਲਜੀ ਇਨਕੂਬੇਟਰ ਨੇ ਖੇਤੀ ਭਵਨ ਅੰਮ੍ਰਿਤਸਰ ਵਿਖੇ ਆਪਣਾ ਨਮੂਨਾ ਸ੍ਰੰਗਹਿ ਖੋਲ ਦਿੱਤਾ ਹੈ।


 ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਡਾ. ਅਜੈ ਗੁਪਤਾ, ਪੰਜਾਬ ਐਗਰੀ ਐਕਸਪੋਰਟ ਕੌਂਸਲ ਦੇ ਜਨਰਲ ਮੈਨੇਜਰ ਰਣਧੀਰ ਸਿੰਘ, ਪੰਜਾਬ ਬਾਇਓਟੈਕਨਾਲਜੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਡਾ. ਅਜੀਤ ਦੂਆ, ਖੇਤੀ ਅਧਿਕਾਰੀ ਡਾ. ਜਤਿੰਦਰ ਸਿੰਘ ਗਿੱਲ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। 


ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਖੇਤੀ ਵਪਾਰ ਦੀਆਂ ਸੀਮਾਵਾਂ ਅਥਾਹ ਹਨ ਅਤੇ ਇਹ ਸੀਮਾਵਾਂ ਤੱਕ ਪਹੁੰਚਣ ਲਈ ਸਾਡੇ ਕਾਰੋਬਾਰੀਆਂ ਨੂੰ ਨਿਰਯਾਤ ਕੀਤੇ ਜਾਣ ਵਾਲੇ ਪਦਾਰਥਾਂ ਦੇ ਜ਼ਰੂਰੀ ਟੈਸਟਾਂ ਦੀ ਲੋੜ ਪੈਂਦੀ ਹੈ ਜਿਸਨੂੰ ਇਹ ਸੈਂਟਰ ਪੂਰਾ ਕਰੇਗਾ। 


ਉਨਾਂ ਕਿਹਾ ਕਿ ਉਦਾਹਰਨ ਵਜੋਂ ਅੰਮ੍ਰਿਤਸਰ ਵਿੱਚ ਪੈਦਾ ਹੋਣ ਵਾਲੀ ਬਾਸਮਤੀ, ਆਲੂ, ਸ਼ਹਿਦ ਅਤੇ ਹੋਰ ਖੇਤੀ ਪਦਾਰਥ ਜਦੋਂ ਵੀ ਬਾਹਰ ਭੇਜੇ ਜਾਂਦੇ ਹਨ ਤਾਂ ਉਨਾਂ ਦੇਸ਼ਾਂ ਦੀ ਲੋੜ ਅਨੁਸਾਰ ਇਨਾਂ ਪਦਾਰਥਾਂ ਨੂੰ ਕਈ ਟੈਸਟਾਂ ਵਿਚੋਂ ਗੁਜਰਨਾ ਪੈਂਦਾ ਹੈ। ਪਹਿਲਾਂ ਸਾਡੇ ਐਕਸਪੋਰਟਰਾਂ ਨੂੰ ਇਹ ਟੈਸਟ ਕਰਵਾਉਣ ਲਈ ਦਿੱਲੀ ਜਾਂ ਦੂਰ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਜਿਸ ਨਾਲ ਸਮਾਂ ਅਤੇ ਖਰਚਾ ਦੋਵੇਂ ਲਗਦੇ ਸਨ, ਪਰ ਹੁਣ ਤੁਸੀਂ ਇਸ ਸੈਂਟਰ ਵਿੱਚ ਆਪਣੇ ਪਦਾਰਥਾਂ ਦਾ ਨਮੂਨਾ ਦੇ ਕੇ ਰਿਪੋਰਟ ਪ੍ਰਾਪਤ ਕਰ ਸਕੋਗੇ।


 ਉਨਾਂ ਨੇ ਕਈ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਬਿਨਾਂ ਟੈਸਟਿੰਗ ਤੋਂ ਭੇਜੇ ਗਏ ਖਾਦ ਪਦਾਰਥ ਵਿਦੇਸ਼ਾਂ ਤੋਂ ਰੱਦ ਹੋਣ ਕਾਰਨ ਕਾਰੋਬਾਰੀਆਂ ਲਈ ਵੱਡੇ ਘਾਟੇ ਦਾ ਸੌਦਾ ਬਣਦੇ ਰਹੇ। ਥੋਰੀ ਨੇ ਕਿਹਾ ਕਿ ਉਕਤ ਵਿਸ਼ਵ ਪੱਧਰੀ ਲੈਬ ਵਲੋਂ ਦਿੱਤੀ ਗਈ ਰਿਪੋਰਟ ਨੂੰ ਚੈਲੈਂਜ ਕਰਨਾ ਲਗਭੱਗ ਅਸੰਭਵ ਵਾਲੀ ਗੱਲ ਹੈ। ਉਨਾਂ ਨੇ ਇਸ ਖਿੱਤੇ ਦੇ ਕਾਰੋਬਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। 


ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਡਾ. ਅਜੈ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦੇ ਯਤਨਾਂ ਨਾਲ ਸਾਡੇ ਸ਼ਹਿਰ ਨੂੰ ਇਸ ਸੈਂਟਰ ਦੀ ਸਹੂਲਤ ਮਿਲੀ ਹੈ, ਜੋ ਕਿ ਇਸ ਇਲਾਕੇ ਵਿੱਚ ਖੇਤੀ ਵਪਾਰ ਦੇ ਮੌਕਿਆਂ ਨੂੰ ਵਧਾਏਗਾ। ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਕਈ ਸਾਲਾਂ ਦੀ ਉਡੀਕ ਮਗਰੋਂ ਅੱਜ ਇਸ ਲੈਬ ਦਾ ਸੈਂਟਰ ਸਾਨੂੰ ਨਸੀਬ ਹੋਇਆ ਹੈ। 


ਉਨਾਂ ਕਿਹਾ ਕਿ ਇਸ ਸੈਂਟਰ ਦੀ ਸਥਾਪਤੀ ਨਾਲ ਇਹ ਗੱਲ ਪੱਕੀ ਹੋ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਹਨ ਉਹ ਪੂਰਾ ਕਰਦੇ ਹਨ।  ਉਨਾਂ ਯਾਦ ਕਰਾਇਆ ਕਿ ਸਤੰਬਰ ਮਹੀਨੇ ਹੋਈ ਸਰਕਾਰ ਸਨਅਤਕਾਰ ਮਿਲਣੀ ਦੌਰਾਨ ਸ਼ਹਿਰ ਦੇ ਕਾਰੋਬਾਰੀਆਂ ਨੇ ਇਸ ਸੈਂਟਰ ਦੀ ਮੰਗ ਉਠਾਈ ਸੀ ਅਤੇ ਅੱਜ ਦੋ ਮਹੀਨਿਆਂ ਦੇ ਅਰਸੇ ਵਿੱਚ ਹੀ ਇਸਨੂੰ ਪੂਰਾ ਕਰ ਦਿੱਤਾ ਹੈ।