Punjab Drug News :  ਅੰਮ੍ਰਿਤਸਰ ਦੇ ਕਟੜਾ ਬੱਗੀ ਇਲਾਕੇ ’ਚ ਨਸ਼ੇ ਦੇ ਕਹਿਰ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰੋਹਨ (21) ਅਤੇ ਕਾਲੂ (18) ਵਜੋਂ ਹੋਈ ਹੈ। ਦੋਵਾਂ ਵਿਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ।  ਮ੍ਰਿਤਕ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਘਰ ਵਿੱਚ ਮਾਤਮ ਪਸਰ ਗਿਆ ਹੈ। ਪੁਲਿਸ  ਨੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ ਹੈ। 


 

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਭਰਾ ਰੋਹਨ ਅਤੇ ਕਾਲੂ ਨਸ਼ਾ ਕਰਦੇ ਸੀ ਅਤੇ ਇਨ੍ਹਾਂ 'ਚੋਂ ਵੱਡਾ ਰੋਹਨ ਨਸ਼ਾ ਵੇਚਦਾ ਵੀ ਸੀ, ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ ਜੇਲ ਭੇਜ ਦਿੱਤਾ ਸੀ, ਜਿੱਥੇ ਉਸ ਦੀ ਸਿਹਤ ਵਿਗੜਨ 'ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ,ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵੱਡੇ ਭਰਾ ਦੇ ਮੌਤ ਦੀ ਖ਼ਬਰ ਸੁਣਦਿਆਂ ਛੋਟੇ ਭਰਾ ਕਾਲੂ ਨੇ ਨਸ਼ੇ ਦਾ ਟੀਕਾ ਲਗਾ ਲਿਆ। 


ਓਵਰਡੋਜ਼ ਕਾਰਨ ਉਹ ਉੱਥੇ ਹੀ ਬੇਹੋਸ਼ ਹੋ ਗਿਆ, ਜਦੋਂ ਉਹ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਦੀ ਵੀ ਮੌਤ ਹੋ ਗਈ।  ਨਸ਼ੇ ਕਾਰਨ ਇੱਕੋ ਘਰ ਦੇ ਦੋ ਜਵਾਨ ਪੁੱਤਰਾਂ ਦੀ ਮੌਤ ਹੋ ਗਈ ਹੈ। ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਉਮਰ 19 ਸਾਲ ਅਤੇ 21 ਸਾਲ ਸੀ ਅਤੇ ਅਜੇ ਜਵਾਨੀ ਵਿੱਚ ਕਦਮ ਹੀ ਰੱਖਿਆ ਸੀ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਿਨ੍ਹਾਂ ਦੇ ਲਾਡਲੇ ਪੁੱਤ ਜਵਾਨੀ ਵਿੱਚ ਹੀ ਇਸ ਸੰਸਾਰ ਨੂੰ ਛੱਡ ਗਏ।

 


 

ਪੁਲਿਸ ਮੁਤਾਬਕ ਹਰਗੁਣ ਨਾਂ ਦਾ ਨੌਜਵਾਨ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਵਿੱਚ ਜੇਲ੍ਹ ਵਿੱਚ ਸੀ, ਪਰ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਬਾਅਦ ਵਿਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦੀ ਵੀ ਉਸੇ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

ਦੱਸ ਦੇਈਏ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਮਹਿਤਾ ਰੋਡ ’ਤੇ ਪੈਂਦੇ ਪਿੰਡ ਅਕਾਲਗੜ੍ਹ ਢਪੱਈਆਂ ਕੋਲੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤਾਹਰਪੁਰਾ ਥਾਣਾ ਮੱਤੇਵਾਲ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਹੈ। ਨੌਜਵਾਨ ਨੇ ਆਪਣੇ ਹੱਥ ਵਿਚ ਇਕ ਨਸ਼ੇ ਵਾਲੀ ਸਰਿੰਜ ਫੜੀ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।