ਅੰਮ੍ਰਿਤਸਰ ਤੋਂ ਮਨਜੋਤ ਸਿੰਘ ਦੇ ਨਾਲ ਅਸ਼ਰਫ ਢੁਡੀ ਦੀ ਰਿਪੋਰਟ
Amritsar news: ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਤੋਂ 7 ਸਾਲ ਦੀ ਮਾਸੂਮ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਸੀ। ਅਗਵਾ ਕਰਨ ਵਾਲਿਆਂ ਦਾ CCTV ਫੁਟੇਜ ਵੀ ਸਾਹਮਣੇ ਆਇਆ ਸੀ। ਪਰ ਹੁਣ ਖਬਰ ਆਈ ਹੈ ਕਿ ਇਸ ਬੱਚੀ ਦੀ ਮੌਤ ਹੋ ਗਈ ਹੈ। ਪਰ ਬੱਚੀ ਨੂੰ ਮਾਰਨ ਵਾਲਾ ਹੋਰ ਕੋਈ ਨਹੀਂ ਸਗੋਂ ਉਸਦੀ ਮਤਰੇਈ ਮਾਂ ਹੀ ਨਿਕਲੀ ਹੈ। ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਟਿਊਸ਼ਨ ਲਈ ਗਈ ਲਾਪਤਾ ਹੋਈ ਮਾਸੂਮ ਬੱਚੀ ਦੀ ਲਾਸ਼ ਛੱਪੜ 'ਚੋਂ ਬਰਾਮਦ ਹੋਈ ਹੈ। ਮਤਰੇਈ ਮਾਂ ਮਨੀ ਨੇ ਬੱਚੀ ਦੀ ਹੱਤਿਆ ਕਰ ਕੇ ਲਾਸ਼ ਛੱਪੜ 'ਚ ਸੁੱਟ ਦਿੱਤੀ ਸੀ। ਡੀਐਸਪੀ ਪ੍ਰਵੇਸ਼ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਜਦੋਂ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਗੱਲ ਕਬੂਲ ਕਰ ਲਈ। ਬਾਅਦ 'ਚ ਬੱਚੀ ਦੀ ਲਾਸ਼ ਵੀ ਉਸ ਦੇ ਦੱਸੇ ਹੋਏ ਸਥਾਨ ਤੋਂ ਬਰਾਮਦ ਕਰ ਲਈ ਹੈ।
ਪੀੜਤ ਪਿਤਾ ਅਜੀਤ ਸਿੰਘ ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਅਭਿਰੋਜ ਜੋਤ ਕੌਰ ਜੋ ਕਿ 15 ਮਈ ਨੂੰ ਸ਼ਾਮ ਚਾਰ ਵਜੇ ਦੇ ਕਰੀਬ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ।
ਉਸ ਨੇ ਦੱਸਿਆ ਕਿ ਉਸ ਦੀ ਲੜਕੀ 4 ਵਜੇ ਹੀ ਟਿਊਸ਼ਨ ਗਈ ਸੀ। ਉਸ ਨੇ ਤੁਰੰਤ ਆਸ-ਪਾਸ ਆਪਣੀ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਸ ਦਾ ਕਿਧਰੇ ਵੀ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਨੇ ਤੁਰੰਤ ਥਾਣਾ ਘਰਿੰਡਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ ਅਤੇ ਅਭਿਰੋਜਪ੍ਰੀਤ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਹਰ ਘਰ ਦੀ ਤਲਾਸ਼ੀ ਲੈ ਰਹੀ ਸੀ। ਲੜਕੀ ਜਿੱਥੇ ਟਿਊਸ਼ਨ ਲਈ ਜਾਂਦੀ ਸੀ, ਉਸ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਗਈ। ਫੁਟੇਜ 'ਚ ਇੱਕ ਬਾਈਕ ਸਵਾਰ ਲੜਕੀ ਨੂੰ ਉਸ ਰਸਤੇ 'ਚ ਆਪਣੇ ਨਾਲ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ, ਜਦੋਂ ਉਹ ਪੜ੍ਹਾਈ ਲਈ ਜਾਂਦੀ ਸੀ। ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਤੇ ਔਰਤ ਨੇ ਆਪਣੇ ਮੂੰਹ ਢਕੇ ਹੋਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।