Amritsar News: ਅੰਮ੍ਰਿਤਸਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਤੇ ਪੁਲਿਸ ਦਾ ਵੱਡਾ ਐਕਸ਼ਨ ਕਰਦੇ ਹੋਏ ਐਨਕਾਊਂਟਰ ਕੀਤਾ ਹੈ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਮੰਦਰ 'ਤੇ ਹੈਂਡ ਗ੍ਰੇਨੇਡ ਸੁੱਟਣ ਵਾਲਿਆਂ ਵਿੱਚੋਂ ਇੱਕ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ। ਅੱਜ ਸੋਮਵਾਰ ਸਵੇਰੇ ਪੁਲਿਸ ਅਤੇ ਹਮਲਾਵਰਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਦੋਸ਼ੀ ਗੁਰਸਿਦਕ ਉਰਫ਼ ਸਿਦਕੀ ਮਾਰਿਆ ਗਿਆ, ਜਦਕਿ ਉਸਦਾ ਸਾਥੀ ਵਿਸ਼ਾਲ ਉਰਫ਼ ਚੁਈ ਫਰਾਰ ਹੋ ਗਿਆ।
ਪੁਲਿਸ ਨੂੰ ਮਿਲੀ ਖਾਸ ਜਾਣਕਾਰੀ ਦੇ ਆਧਾਰ 'ਤੇ CIA ਅਤੇ ਛੇਹਰਟਾ ਪੁਲਿਸ ਦੀਆਂ ਟੀਮਾਂ ਨੇ ਆਰੋਪੀਆਂ ਨੂੰ ਫੜਨ ਲਈ ਮੁਹਿੰਮ ਚਲਾਈ, ਜਿਸ ਦੌਰਾਨ ਇਹ ਮੁਕਾਬਲਾ ਹੋਇਆ। SHO ਛੇਹਰਟਾ ਨੂੰ ਇਸ ਜੁਰਮ ਵਿੱਚ ਵਰਤੇ ਗਏ ਮੋਟਰਸਾਈਕਲ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਪੁੱਛਗਿੱਛ ਦੌਰਾਨ ਗੁਰਸਿਦਕ ਅਤੇ ਵਿਸ਼ਾਲ ਦੇ ਨਾਮ ਸਾਹਮਣੇ ਆਏ। ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਆਰੋਪੀ ਰਾਜਾਸਾਂਸੀ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਤਾਇਨਾਤ ਕਰਕੇ ਇਲਾਕੇ ਵਿੱਚ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ।
ਇੱਕ ਦੋਸ਼ੀ ਹੋਇਆ ਫਰਾਰ
ਸਵੇਰੇ ਸਮੇਂ ਜਦੋਂ ਪੁਲਿਸ ਨੇ ਆਰੋਪੀਆਂ ਦੀ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਮੋਟਰਸਾਈਕਲ ਛੱਡ ਕੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿੱਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ 'ਚ ਗੋਲੀ ਲੱਗੀ, ਜਦਕਿ ਇੱਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਤੇ ਲੱਗੀ ਅਤੇ ਇੱਕ ਗੋਲੀ ਪੁਲਿਸ ਵਾਹਨ 'ਤੇ ਵੀ ਲੱਗੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ, ਜਿਸ ਵਿੱਚ ਗੁਰਸਿਦਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਉਸਦਾ ਸਾਥੀ ਵਿਸ਼ਾਲ ਮੌਕੇ ਤੋਂ ਫਰਾਰ ਹੋ ਗਿਆ।
ਇਲਾਜ ਦੌਰਾਨ ਹੋਈ ਇੱਕ ਆਰੋਪੀ ਦੀ ਮੌਤ
ਜ਼ਖਮੀ ਗੁਰਸਿਦਕ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਗੁਰਸਿਦਕ ਦੀ ਮੌਤ ਹੋ ਗਈ। ਪੁਲਿਸ ਹੁਣ ਇਸ ਮਾਮਲੇ ਵਿੱਚ ਆਰੋਪੀਆਂ ਦੇ ਪਾਕਿਸਤਾਨ ਅਤੇ ISI ਨਾਲ ਸੰਭਾਵਿਤ ਸੰਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਫਰਾਰ ਆਰੋਪੀ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।