ਅੰਮ੍ਰਿਤਸਰ ਦੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ 4 ਤੋਂ 6 ਦਸੰਬਰ ਤੱਕ ਜ਼ਿਲ੍ਹੇ ਦੇ ਤਿੰਨ ਵੱਖ-ਵੱਖ ਸਥਾਨਾਂ-ਜ਼ਿਲ੍ਹਾ ਖਜ਼ਾਨਾ ਦਫ਼ਤਰ ਅੰਮ੍ਰਿਤਸਰ, ਖਜ਼ਾਨਾ ਦਫ਼ਤਰ ਅਜਨਾਲਾ ਅਤੇ ਖਜ਼ਾਨਾ ਦਫ਼ਤਰ ਬਾਬਾ ਬਕਾਲਾ-ਵਿੱਚ ਪੈਨਸ਼ਨਰ ਸੇਵਾ ਮੇਲਾ ਲਗਾਉਣ ਜਾ ਰਹੀ ਹੈ। ਇਸ ਮੇਲੇ ਦਾ ਮਕਸਦ ਪੈਨਸ਼ਨਰਾਂ ਨੂੰ ਈ-ਕੇਵਾਈਸੀ ਸਮੇਤ ਹੋਰ ਸਹੂਲਤਾਂ ਇੱਕੋ ਥਾਂ ‘ਤੇ ਉਪਲਬਧ ਕਰਵਾਉਣਾ ਹੈ।
ਤਿੰਨ ਦਿਨ ਰਹੇਗਾ ਇਹ ਮੇਲਾ
ਕਾਰਜਕਾਰੀ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਅੰਮ੍ਰਿਤਸਰ ਮਨਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਪੈਨਸ਼ਨਰਾਂ ਨੂੰ ਲੋੜੀਦੇ ਦਸਤਾਵੇਜ਼ਾਂ ਦੀ ਪੁਸ਼ਟੀ ਅਤੇ ਅੱਪਡੇਟ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣ ਪੈਣਗੇ। ਸਰਕਾਰ ਵੱਲੋਂ ਇਸ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਇਹ ਤਿੰਨ ਦਿਨਾਂ ਦਾ ਸੇਵਾ ਮੇਲਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਰਿਟਾਇਰਡ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਅਤੇ ਪੈਨਸ਼ਨਰ ਯੂਨੀਅਨਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੇਲੇ ਵਿੱਚ ਪਹੁੰਚਣ।
ਇਹ ਮੈਲਾ ਪੈਨਸ਼ਨਰਾਂ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਈ-ਕੇਵਾਈਸੀ ਪੂਰੀ ਹੋਣ ਨਾਲ ਪੈਨਸ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ।
ਈ-ਕੇਵਾਈਸੀ ਪ੍ਰਕਿਰਿਆ ਲਈ ਪੈਨਸ਼ਨਰਾਂ ਨੂੰ ਹੇਠਲੇ ਦਸਤਾਵੇਜ਼ ਨਾਲ ਲਿਆਉਣਾ ਜ਼ਰੂਰੀ ਹੈ—
ਪੀ.ਪੀ.ਓ. (ਪੈਨਸ਼ਨ ਅਥਾਰਟੀ ਆਰਡਰ) ਦੀ ਕਾਪੀ
ਆਧਾਰ ਕਾਰਡ
ਪੈਨ ਕਾਰਡ
ਬੈਂਕ ਪਾਸਬੁੱਕ
ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ (OTP ਲਈ)
ਪੈਂਸ਼ਨਰ ਸੇਵਾ ਮੇਲੇ ਵਿੱਚ ਈ-ਕੇਵਾਈਸੀ ਅਤੇ ਹੋਰ ਸਹੂਲਤਾਂ ਲਈ ਖ਼ਾਸ ਕਾਊਂਟਰ ਤਿਆਰ ਕੀਤੇ ਗਏ ਹਨ।
ਅਧਿਕਾਰੀ ਨੇ ਦੱਸਿਆ ਕਿ ਮੇਲੇ ਵਿੱਚ ਵਿਸ਼ੇਸ਼ ਕਾਊਂਟਰ ਲਗਾਏ ਜਾਣਗੇ, ਜਿੱਥੇ ਤਜਰਬੇਕਾਰ ਕਰਮਚਾਰੀਆਂ ਦੀ ਟੀਮ ਪੈਂਸ਼ਨਰਾਂ ਦੀ ਪੂਰੀ ਮਦਦ ਕਰੇਗੀ। ਬਜ਼ੁਰਗਾਂ ਲਈ ਬੈਠਣ ਦੀ ਵੱਖਰੀ ਵਿਵਸਥਾ, ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮੇਲਿਆਂ ਨਾਲ ਪੈਂਸ਼ਨਰਾਂ ਦੀਆਂ ਸਮੱਸਿਆਵਾਂ ਦਾ ਤੇਜ਼ ਹੱਲ ਹੋਵੇਗਾ ਅਤੇ ਕਈ ਸੇਵਾਵਾਂ ਸਮੇਂ 'ਤੇ ਪੂਰੀਆਂ ਹੋਣਗੀਆਂ।
ਮੇਲੇ ਵਿੱਚ ਪੈਂਸ਼ਨਰ ਆਪਣੀਆਂ ਕਿਸੇ ਵੀ ਸ਼ੰਕਾ ਜਾਂ ਦਸਤਾਵੇਜ਼ਾਂ ਨਾਲ ਜੁੜੀ ਸਮੱਸਿਆ ਦਾ ਹੱਲ ਵੀ ਕਰਵਾ ਸਕਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਿਨ੍ਹਾਂ ਪੈਂਸ਼ਨਰਾਂ ਦੀ ਈ-ਕੇਵਾਈਸੀ ਹਾਲੇ ਤੱਕ ਪੂਰੀ ਨਹੀਂ ਹੋਈ, ਉਹਨਾਂ ਨੂੰ ਇਹ ਮੌਕਾ ਜ਼ਰੂਰ ਵਰਤਣਾ ਚਾਹੀਦਾ ਹੈ।