Amritsar News: ਅੰਮ੍ਰਿਤਸਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਵੱਡੀ ਪ੍ਰਸ਼ਾਸ਼ਨਿਕ ਕਾਰਵਾਈ ਕਰਦੇ ਹੋਏ ASI ਸਮੇਤ 3 ਮੁਲਾਜ਼ਮ ਬਰਖਾਸਤ ਕੀਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਸੀ-ਡਵੀਜ਼ਨ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕਾਂਸਟੇਬਲ ਵਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (PC Act) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਦੋ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ 'ਤੇ, ਪੁਲਿਸ ਪ੍ਰਸ਼ਾਸਨ ਪੰਜਾਬ ਨੂੰ ਨਸ਼ੇ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਸਖ਼ਤ ਕਾਰਵਾਈ ਕਰ ਰਿਹਾ ਹੈ।

ਇੱਕ ਪੁਲਿਸ ਕਰਮੀ ਨੂੰ ਕੀਤਾ ਗਿਆ ਗ੍ਰਿਫਤਾਰ

24 ਫਰਵਰੀ, 2025 ਨੂੰ ਅੰਮ੍ਰਿਤਸਰ ਦੇ ਸੀ-ਡਿਵੀਜ਼ਨ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕਾਂਸਟੇਬਲ ਵਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਗਈ ਸੀ। ਇਹ ਕੇਸ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 7-ਏ ਅਤੇ 61(2) BNS ਦੇ ਤਹਿਤ ਦਰਜ ਕੀਤਾ ਗਿਆ ਸੀ। ਦੋਸ਼ੀ ਕਾਂਸਟੇਬਲ ਵਰਿੰਦਰ ਸਿੰਘ, ਜੋ ਕਿ ਪਿੰਡ ਧਿਆਨਪੁਰ, ਥਾਣਾ ਖਲਚੀਆਂ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪੁਲਿਸ ਕੁਆਰਟਰ ਹਾਲ ਗੇਟ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਏਐਸਆਈ ਗੁਰਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਸੁਖਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੋਵਾਂ ਵਿਰੁੱਧ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਅੰਮ੍ਰਿਤਸਰ, ਪੁਲਿਸ ਸਟੇਸ਼ਨ ਮੋਹਨਕਪੂਰਾ, ਅੰਮ੍ਰਿਤਸਰ ਅਤੇ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਜਲੰਧਰ ਵਿਖੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਲਿਆ ਗਿਆ ਸਖਤ ਐਕਸ਼ਨ

ਸੋਸ਼ਲ ਮੀਡੀਆ 'ਤੇ ਇੱਕ ਆਡੀਓ ਕਲਿੱਪ ਸਾਹਮਣੇ ਆਈ ਹੈ ਜਿਸ ਵਿੱਚ ਕਾਂਸਟੇਬਲ ਵਰਿੰਦਰ ਸਿੰਘ ਬੰਟੀ ਨਾਮ ਦੇ ਵਿਅਕਤੀ ਤੋਂ ਪੈਸੇ ਮੰਗ ਰਿਹਾ ਹੈ ਅਤੇ ਦੀਪੂ ਰਾਹੀਂ ਅਜੈ ਕੁਮਾਰ ਉਰਫ਼ ਬਿੱਲੀ (ਐਨਡੀਪੀਐਸ ਐਕਟ ਵਿੱਚ ਲੋੜੀਂਦਾ ਦੋਸ਼ੀ) ਨੂੰ ਬਚਾਉਣ ਦਾ ਭਰੋਸਾ ਦੇ ਰਿਹਾ ਹੈ।

ਕਾਂਸਟੇਬਲ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਧਾਰਾ 311(2)(B) ਦੇ ਤਹਿਤ ਉਸਨੂੰ ਪੁਲਿਸ ਸੇਵਾ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਏਡੀਸੀਪੀ ਸਿਟੀ-1 ਨੂੰ ਸੌਂਪ ਦਿੱਤੀ ਗਈ ਹੈ, ਜੋ ਕਿ ਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਹੋਣਗੇ।