Poisonous Liquor Case: ਪੰਜਾਬ ਦੇ ਅੰਮ੍ਰਿਤਸਰ ਵਿੱਚ ਮਜੀਠਾ ਹਲਕੇ ਵਿੱਚ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹਸਪਤਾਲ ਵਿੱਚ ਜ਼ਿੰਦਗੀ ਲਈ ਜੰਗ ਲੜ ਰਹੇ ਹਨ। ਇਹ ਮੌਤਾਂ ਮਜੀਠਾ ਦੇ 7 ਪਿੰਡਾਂ ਮਰਾਡੀ ਕਲਾਂ, ਪਾਤਾਲਪੁਰੀ, ਥਰੀਏਵਾਲ, ਭੰਗਾਲੀ ਕਲਾਂ, ਤਲਵੰਡੀ ਖੁੰਮਣ, ਕਰਨਾਲਾ ਅਤੇ ਭੰਗਵਾਂ ਵਿੱਚ ਹੋਈਆਂ। ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ, ਜਿਸ ਦੇ ਚੱਲਦੇ 4 ਅਧਿਕਾਰੀਆਂ ਉੱਤੇ ਗਾਜ਼ ਡਿੱਗੀ ਹੈ।
DSP ਤੇ SHO ਤੋਂ ਬਾਅਦ ETO ਅਤੇ ਇੰਸਪੈਕਟਰ ਵੀ ਸਸਪੈਂਡ
ਕੱਲ੍ਹੇ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਡੀ.ਐੱਸ.ਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐੱਸ.ਐੱਚ.ਓ ਥਾਣਾ ਮਜੀਠਾ ਐੱਸ.ਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਐਕਸ਼ਾਈਜ਼ ਵਿਭਾਗ ਦੇ ETO ਮਨੀਸ਼ ਗੋਇਲ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
ਐਸਐਸਪੀ ਰੂਰਲ ਮਨਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਾਹਿਬ ਸਿੰਘ ਇਸ ਪੂਰੇ ਨੈੱਟਵਰਕ ਦਾ ਮੁਖੀ (ਕਿੰਗਪਿਨ) ਹੈ। ਸਾਹਿਬ ਸਿੰਘ ਆਨਲਾਈਨ ਆਰਡਰ ਕਰਕੇ ਮੀਥਾਨੌਲ ਮੰਗਵਾਇਆ ਕਰਦਾ ਸੀ। ਮੀਥਾਨੌਲ ਦੇ ਮੁੱਖ ਸਪਲਾਇਰਾਂ ਦੀ ਪਹਿਚਾਣ ਲੁਧਿਆਣਾ ਦੇ ਸੁੱਖ ਐਨਕਲੇਵ ਵਿੱਚ ਸਥਿਤ ਸਾਹਿਲ ਕੈਮੀਕਲਜ਼ ਦੇ ਮਾਲਕ ਪੰਕਜ ਕੁਮਾਰ ਉਰਫ਼ ਸਾਹਿਲ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ। ਇੱਥੋਂ ਸਾਹਿਬ ਸਿੰਘ ਨੇ 50 ਲੀਟਰ ਮੀਥਾਨੌਲ ਮੰਗਵਾਈ ਸੀ।
ਮੁਲਜ਼ਮ ਹੋਏ ਗ੍ਰਿਫਤਾਰ
ਇਸ ਨਕਲੀ ਸ਼ਰਾਬ ਰੈਕੇਟ ਦੇ ਕਿੰਗਪਿਨ ਤੇ ਮੁੱਖ ਸਪਲਾਇਰ ਸਣੇ 6 ਮੁਲਜ਼ਮਾਂ ਨੂੰ 7 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਭਜੀਤ ਸਿੰਘ, ਕੁਲਬੀਰ ਸਿੰਘ ਉਰਫ਼ ਜੱਗੂ, ਸਾਹਿਬ ਸਿੰਘ ਉਰਫ਼ ਸਰਾਏ ਵਾਸੀ ਮਾਰੜੀ ਕਲਾਂ, ਗੁਰਜੰਟ ਸਿੰਘ ਤੇ ਨਿੰਦਰ ਕੌਰ ਵਾਸੀ ਥੀਰੇਂਵਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਰਾਬ ਰੈਕੇਟ ਦਾ ਕਿੰਗਪਿਨ ਸਾਹਿਬ ਸਿੰਘ ਤੇ ਪ੍ਰਭਜੀਤ ਸਿੰਘ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਸੀ। ਗ੍ਰਿਫ਼ਤਾਰ ਮੁਲਜ਼ਮ ਕੁਲਬੀਰ ਸਿੰਘ ਉਰਫ਼ ਜੱਗੂ ਮੁੱਖ ਮੁਲਜ਼ਮ ਪ੍ਰਭਜੀਤ ਦਾ ਭਰਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।