Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਐਤਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਇੱਕ ਨਵ ਜਨਮਿਆ ਲੜਕਾ ਅਗਵਾ ਕਰ ਲਿਆ ਗਿਆ। ਮਾਪਿਆਂ ਦੇ ਘਰ 14 ਸਾਲ ਬਾਅਦ ਬੇਟਾ ਹੋਇਆ ਸੀ ਪਰ ਹਸਪਤਾਲ ਤੋਂ ਹੀ ਬੱਚੇ ਨੂੰ ਅਗਵਾ ਕਰ ਲਿਆ ਗਿਆ। ਇਹ ਕਾਰਾ ਇੱਕ ਔਰਤ ਤੇ ਉਸ ਦੇ ਦੋ ਸਾਥੀਆਂ ਨੇ ਕੀਤਾ ਹੈ। ਉਨ੍ਹਾਂ ਦੀ ਇਹ ਹਰਕਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।


ਦਰਅਸਲ ਐਤਵਾਰ ਨੂੰ ਤੜਕੇ ਲਗਪਗ 4 ਵਜੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਤੋਂ ਇੱਕ ਨਵ-ਜੰਮੇ ਲੜਕੇ ਨੂੰ ਇੱਕ ਔਰਤ ਤੇ ਉਸ ਦੇ ਦੋ ਸਾਥੀਆਂ ਨੇ ਅਗਵਾ ਕਰ ਲਿਆ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿੱਚੋਂ ਨਵਜੰਮੇ ਬੱਚੇ ਨੂੰ ਅਗਵਾ ਕਰ ਲਏ ਜਾਣ ਦੀ ਇਸ ਘਟਨਾ ਤੋਂ ਦੁਖੀ ਹੋ ਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਸੁਪਰਡੈਂਟ ਨਾਲ ਦੁਰਵਿਹਾਰ ਕੀਤਾ ਤੇ ਹਸਪਤਾਲ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।


ਸਹਾਇਕ ਪੁਲਿਸ ਕਮਿਸ਼ਨਰ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਅਹਿਮ ਸੁਰਾਗ ਮਿਲੇ ਹਨ ਤੇ ਉਮੀਦ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਗਵਾ ਕੀਤੇ ਬੱਚੇ ਦੇ ਪਿਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ 23 ਸਤੰਬਰ ਨੂੰ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ ਦਾਖ਼ਲ ਹੋਈ ਸੀ ਤੇ ਉਸ ਨੇ 6 ਅਕਤੂਬਰ ਨੂੰ ਸਿਜ਼ੇਰੀਅਨ ਆਪ੍ਰੇਸ਼ਨ ਨਾਲ ਬੱਚੇ ਨੂੰ ਜਨਮ ਦਿੱਤਾ। ਉਸ ਨੇ ਕਿਹਾ ਕਿ ਵਿਆਹ ਦੇ 14 ਸਾਲਾਂ ਬਾਅਦ ਜੋੜੇ ਨੂੰ ਇੱਕ ਬੱਚੇ ਦੀ ਪ੍ਰਾਪਤੀ ਹੋਈ ਸੀ ਪਰ ਜਨਮ ਤੋਂ ਤਿੰਨ ਦਿਨ ਬਾਅਦ ਐਤਵਾਰ ਤੜਕੇ ਕਰੀਬ 4 ਵਜੇ ਲੜਕੇ ਨੂੰ ਅਣਪਛਾਤੀ ਔਰਤ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ।


ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੱਚਾ ਪਰਿਵਾਰਕ ਮੈਂਬਰਾਂ ਕੋਲ ਸੀ ਜੋ ਉਸ ਨੂੰ ਵਾਰਡ ਦੇ ਬਾਹਰ ਲੈ ਗਏ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਬੱਚੇ ਨੂੰ ਵਾਰਡ ਅੰਦਰ ਲੈ ਜਾਣ ਲਈ ਕਿਹਾ ਪਰ ਪਰਿਵਾਰ ਨੇ ਕੋਈ ਗੱਲ ਨਹੀਂ ਸੁਣੀ। ਰਾਤ ਸਮੇਂ ਵਾਰਡ ਦੇ ਗੇਟਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਤਾਲੇ ਲੱਗ ਜਾਂਦੇ ਹਨ। ਐਤਵਾਰ ਸਵੇਰੇ ਕਰੀਬ 4 ਵਜੇ ਅਣਪਛਾਤੀ ਔਰਤ ਨੇ ਲੜਕੇ ਨੂੰ ਅਗਵਾ ਕਰ ਲਿਆ।


ਇਹ ਵੀ ਪੜ੍ਹੋ: Gold Silver Price: ਹਫਤੇ ਦੇ ਪਹਿਲੇ ਦਿਨ ਵਧੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਦੀਆਂ ਕੀਮਤਾਂ ਸਥਿਰ, ਜਾਣੋ ਸੋਨੇ-ਚਾਂਦੀ ਦੀ ਕੀਮਤ


ਸ਼ੁਰੂਆਤੀ ਜਾਂਚ ਦੇ ਅਨੁਸਾਰ ਅਗਵਾ ਕਰਨ ਵਾਲੀ ਔਰਤ ਨੇ ਹਸਪਤਾਲ ਕੰਪਲੈਕਸ ਵਿੱਚ ਪਹਿਲਾਂ ਪਰਿਵਾਰ ਨਾਲ ਸਾਂਝ ਵਧਾਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਔਰਤ ਉਨ੍ਹਾਂ ਦੇ ਬੱਚੇ ਨੂੰ ਅਗਵਾ ਕਰ ਲਵੇਗੀ। ਔਰਤ ਨੇ ਦੱਸਿਆ ਸੀ ਕਿ ਉਸ ਦੇ ਰਿਸ਼ਤੇਦਾਰ ਨੇ ਵੀ ਬੱਚੇ ਨੂੰ ਜਨਮ ਦਿੱਤਾ ਹੈ। ਉਹ ਰਾਤ ਨੂੰ ਪੀੜਤ ਪਰਿਵਾਰ ਕੋਲ ਰਹੀ। ਉਹ ਵੀ ਬੱਚੇ ਨਾਲ ਖੇਡ ਰਹੀ ਸੀ। ਰਾਤ ਨੂੰ ਜਦੋਂ ਪਰਿਵਾਰ ਨੂੰ ਨੀਂਦ ਆਈ ਤਾਂ ਔਰਤ ਨੇ ਨਵਜੰਮੇ ਬੱਚੇ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਫ਼ਰਾਰ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਖਿਲਾਫ ਮਜੀਠਾ ਰੋਡ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 363, 365 ਤਹਿਤ ਕੇਸ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Indian Students in Canada: ਕੈਨੇਡਾ ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਚੁਣੌਤੀ, ਹੁਣ ਦੇਸ਼ 'ਚ ਨਹੀਂ ਲੱਭ ਰਹੀਆਂ ਨੌਕਰੀਆਂ