Amritsar News : ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਮਾਰਚ 2023 ਲਈ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਏਅਰਪੋਰਟ ਨੇ ਮਾਰਚ ਮਹੀਨੇ ਵਿੱਚ 2.58 ਲੱਖ ਯਾਤਰੀਆਂ ਦੀ ਆਵਾਜਾਈ ਨਾਲ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਮਾਰਚ 2019 ਵਿੱਚ 2.35 ਲੱਖ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਨਾਲ ਹੀ ਮਾਰਚ 2023 ਦੀ ਇਹ ਕੁੱਲ ਗਿਣਤੀ ਹੁਣ ਤੱਕ ਦੀ ਸਾਲ ਦੇ ਕਿਸੇ ਵੀ ਮਹੀਨੇ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ, ਪਹਿਲੇ ਨੰਬਰ ਤੇ ਹਾਲੇ ਵੀ 2.60 ਲੱਖ ਯਾਤਰੀਆਂ ਦੀ ਗਿਣਤੀ ਦਸੰਬਰ 2018 ਵਿੱਚ ਦਰਜ ਕੀਤੀ ਗਈ ਸੀ। ਗੁਮਟਾਲਾ ਨੇ ਦੱਸਿਆ ਕਿ ਮਾਰਚ 2023 ਵਿੱਚ ਯਾਤਰੀਆਂ ਦੀ ਰਿਕਾਰਡ ਗਿਣਤੀ ਵਿੱਚ ਵੱਡਾ ਯੋਗਦਾਨ 1,78,723 ਘਰੇਲੂ ਯਾਤਰੂਆਂ ਦਾ ਹੈ। ਇਹ ਵੀ ਹੁਣ ਤੱਕ ਦੀ ਸਭ ਤੋਂ ਘਰੇਲੂ ਯਾਤਰੀਆਂ ਦੀ ਗਿਣਤੀ ਹੈ ਜੋ ਕਿ ਮਾਰਚ 2022 ਦੇ ਮੁਕਾਬਲੇ 22.4% ਫੀਸਦ ਵੱਧ ਹੈ। ਅੰਤਰਰਾਸ਼ਟਰੀ ਆਵਾਜਾਈ ਵਿੱਚ ਵੀ ਮਾਰਚ 2023 ਵਿੱਚ 79,352 ਯਾਤਰੀਆਂ ਦੇ ਨਾਲ 61.4% ਫੀਸਦ ਦਾ ਵੱਡਾ ਵਾਧਾ ਦਰਜ ਕੀਤਾ ਗਿਆ, ਜੱਦ ਕਿ ਮਾਰਚ 2022 ਵਿੱਚ ਇਹ ਗਿਣਤੀ 49,152 ਯਾਤਰੀ ਸੀ। ਵਿੱਤੀ ਸਾਲ 2022-23 (ਅਪ੍ਰੈਲ 2022 – ਮਾਰਚ 2023) ਵਿੱਚ 25.16 ਲੱਖ ਯਾਤਰੀਆਂ ਨਾਲ ਹਵਾਈ ਅੱਡੇ ਨੇ ਇਤਿਹਾਸ ਵਿੱਚ ਦੂਜੀ ਵਾਰ 25 ਲੱਖ ਦਾ ਅੰਕੜਾ ਪਾਰ ਕੀਤਾ ਹੈ। ਕੁੱਲ ਯਾਤਰੀਆਂ ਦੀ ਇਹ ਗਿਣਤੀ ਵਿੱਤੀ ਸਾਲ 2018-19 ਵਿੱਚ ਦਰਜ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ 25.23 ਲੱਖ ਯਾਤਰੀਆਂ ਦੀ ਗਿਣਤੀ ਤੋਂ ਤਕਰੀਬਨ 7,000 ਯਾਤਰੀ ਘੱਟ ਹੈ। ਵਿੱਤੀ ਸਾਲ 2021-22 ਵਿੱਚ ਯਾਤਰੀਆਂ ਦੀ ਕੁੱਲ ਗਿਣਤੀ 13.82 ਲੱਖ ਸੀ, ਬੀਤੇ ਵਿੱਤੀ ਸਾਲ 2022-23 ਦੋਰਾਨ ਇਸ ਵਿੱਚ 82.1% ਫੀਸਦੀ ਦਾ ਵਾਧਾ ਹੋਇਆ ਹੈ। ਜਨਵਰੀ ਤੋਂ ਮਾਰਚ 2023 ਦੇ ਪਹਿਲੇ 3 ਮਹੀਨੇ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਸਭ ਤੋਂ ਵਿਅਸਤ ਰਹੇ ਹਨ। ਇਸ ਵਿੱਚ ਕੁੱਲ ਆਵਾਜਾਈ 7.34 ਲੱਖ ਰਹੀ, ਜਿਸ ਵਿੱਚ 5.07 ਲੱਖ ਘਰੇਲੂ ਅਤੇ 2.27 ਲੱਖ ਅੰਤਰਰਾਸ਼ਟਰੀ ਯਾਤਰੀ ਸਨ। ਗੁਮਟਾਲਾ ਨੇ ਕਿਹਾ ਕਿ ਯਾਤਰੀਆਂ ਦੀ ਕੱਲ ਗਿਣਤੀ ਦੇ ਇਹ ਅੰਕੜੇ ਬਹੁਤ ਹੀ ਉਤਸ਼ਾਹਜਨਕ ਹਨ। ਇਸ ਵਿਕਾਸ ਦਰ 'ਤੇ, ਸਾਨੂੰ ਉਮੀਦ ਹੈ ਕਿ ਵਿੱਤੀ ਸਾਲ 2023-24 ਲਈ ਕੁੱਲ ਆਵਾਜਾਈ 30 ਲੱਖ ਯਾਤਰੀਆਂ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਅੰਮ੍ਰਿਤਸਰ ਤੋਂ ਵਰਤਮਾਨ ਵਿੱਚ, 11 ਭਾਰਤੀ ਅਤੇ ਵਿਦੇਸ਼ੀ ਏਅਰਲਾਈਨਾਂ ਹਫਤੇ ਵਿੱਚ ਤਕਰੀਬਨ 400 ਤੋਂ ਵੱਧ ਉਡਾਣਾਂ ਦੀ ਰਵਾਨਗੀ ਅਤੇ ਆਗਮਨ ਕਰ ਰਹੀਆਂ ਹਨ। ਅੰਮ੍ਰਿਤਸਰ 11 ਘਰੇਲੂ ਅਤੇ 10 ਵਿਦੇਸ਼ ਦੇ ਹਵਾਈ ਅੱਡੇ ਨੂੰ ਸਿੱਧੀਆਂ ਹਵਾਈ ਉਡਾਣਾਂ ਰਾਹੀਂ ਜੁੜਿਆ ਹੈ। ਅੰਮ੍ਰਿਤਸਰ ਤੋਂ ਲੰਡਨ, ਬਰਮਿੰਘਮ, ਰੋਮ, ਮਿਲਾਨ ਮਾਲਪੇਨਸਾ, ਮਿਲਾਨ ਬਰਗਾਮੋ, ਸਿੰਗਾਪੁਰ, ਕੁਆਲਾਲੰਪੁਰ, ਦੁਬਈ, ਸ਼ਾਰਜਾਹ ਅਤੇ ਦੋਹਾ ਲਈ ਸਿੱਧਆਂਿ ਉਡਾਣਾਂ ਹਨ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਵਿਸਤ੍ਰਿਤ ਅੰਕੜਿਆਂ ਦੇ ਨਾਲ ਵੱਖ-ਵੱਖ ਏਅਰਲਾਈਨਾਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਗੁਮਟਾਲਾ ਨੇ ਉਮੀਦ ਜਾਹਰ ਕੀਤੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਅੰਤਰਰਾਸ਼ਟਰੀ ਜਾਂ ਭਾਰਤੀ ਏਅਰਲਾਈਨਾਂ ਦੁਆਰਾ ਇੱਥੋਂ ਉਡਾਣਾਂ ਸ਼ੁਰੂ ਕਰਨ ਜਾਂ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ। ਮੌਜੂਦਾ ਅਤੇ ਪਿਛਲੀ ਸੂਬਾ ਸਰਕਾਰ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਦੇ ਕਈ ਹਵਾਈ ਅੱਡਿਆ ਨਾਲ ਜੁੜੇ ਹੋਣ ਦੇ ਬਾਵਜੂਦ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਾਂ ਇੱਥੋਂ ਤੱਕ ਕਿ ਸ਼ਹਿਰ ਨੂੰ ਵੀ ਸਰਕਾਰੀ ਬੱਸ ਸੇਵਾ ਨਾਲ ਨਹੀਂ ਜੋੜਿਆ ਗਿਆ ਹੈ। ੳਹੁਨਾਂ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਯਾਤਰੀਆਂ ਲਈ ਆਵਾਜਾਈ ਦੇ ਇਸ ਸਸਤੇ ਸਾਧਨ 'ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। ਪਿਛਲੀ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅੰਮ੍ਰਿਤਸਰ ਹਵਾਈ ਅੱਡੇ ਨਾਲ ਵਿਤਕਰਾ ਕਰਦੇ ਹੋਏ, ਇੱਥੋਂ ਬੱਸ ਸੇਵਾ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਦੀ ਬਜਾਏ ਪੰਜਾਬ ਸਰਕਾਰ ਸਿਰਫ ਦਿੱਲੀ ਲਈ ਟਰਾਂਸਪੋਰਟ ਦਾ ਇਹ ਸਸਤਾ ਸਾਧਨ ਪ੍ਰਦਾਨ ਕਰਕੇ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਭਰਨ ਲਈ ਉਤਸ਼ਾਹਿਤ ਕਰ ਰਹੀ ਹੈ।
Amritsar News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ
ABP Sanjha | shankerd | 27 Apr 2023 05:10 PM (IST)
Amritsar News : ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ
Amritsar Airport