Bhindranwale Photo Controversy: ਤਰਨਤਾਰਨ ਦੇ ਇਤਿਹਾਸਕ ਪਿੰਡ ਪਹੂਵਿੰਡ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲਾ ਲਗਾਇਆ ਗਿਆ ਸੀ। ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ।


ਇਸ ਤਕਰਾਰ ਵਿੱਚ ਪੁਲੀਸ ਮੁਲਾਜ਼ਮ ਅਤੇ ਮੇਲਾ ਪ੍ਰਬੰਧਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹੰਗਾਮੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  ਮੇਲੇ ਵਿੱਚ ਜੋੜਿਆ ਦੀ ਸੇਵਾ ਕਰਨ ਆਏ ਕੁਝ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੰਡਾਲ ਵਿੱਚ ਲਗਾ ਦਿੱਤੀ ਸੀ। ਜਿਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਤਾਰ ਦਿੱਤਾ। ਇਸ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਉਥੇ ਪਹੁੰਚ ਗਈ।


 



 


 


ਇਸ ਦੌਰਾਨ ਭੀੜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਕਰਨਲ ਹਰਸਿਮਰਨ ਸਿੰਘ ਦੀ ਕਾਰ ’ਤੇ ਹਮਲਾ ਕਰ ਦਿੱਤਾ। ਕਾਰ ਦੀ ਭੰਨਤੋੜ ਕੀਤੀ। ਇੰਨਾ ਹੀ ਨਹੀਂ ਗੁੱਸੇ 'ਚ ਆਈ ਭੀੜ ਨੇ ਐੱਸਐੱਚਓ ਪਰਵਿੰਦਰ ਸਿੰਘ 'ਤੇ ਵੀ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


 ਹਰਪਾਲ ਸਿੰਘ ਬਲੇਰ ਅਤੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਨੇ ਮੇਲੇ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੀਆਂ ਜੀ ਦੀ ਫੋਟੋ ਨੂੰ ਲੈ ਕੇ ਹੋਏ ਵਿਵਾਦ ਸਬੰਧੀ ਪ੍ਰਬੰਧਕ ਕਮੇਟੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ  ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਾਇਦਾਦ ਕਹਿਣਾ ਅਤਿ ਨਿੰਦਣਯੋਗ ਹੈ।


ਆਗੂਆਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਮਾੜੇ ਵਤੀਰੇ ਸਬੰਧੀ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।  ਅਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸਮੂਹ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਅਗਲਾ ਕਦਮ ਚੁੱਕਣਗੇ।  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਪ੍ਰਭਜੋਤ ਸਿੰਘ ਅਤੇ ਕਰਨਲ ਹਰਸਿਮਰਨ ਸਿੰਘ ਨੇ  ਕਿਹਾ ਕਿ ਉਨ੍ਹਾਂ ਨੇ ਸੇਵਾ ਕਰਨ ਵਾਲੇ ਸਿੰਘਾਂ ਨੂੰ ਕੋਈ ਵੀ ਅਪਸ਼ਬਦ ਨਹੀਂ ਬੋਲੇ।


ਮੈਨੇਜਰ ਪ੍ਰਭਜੋਤ ਸਿੰਘ ਅਤੇ ਕਰਨਲ ਹਰਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਸੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੀ ਫੋਟੋ ਨੂੰ ਜੋੜੇ ਘਰ ਵਾਲੀ ਥਾਂ 'ਤੇ ਨਾ ਲਗਾਉਣ ਅਤੇ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਸੜਕ 'ਤੇ ਟੈਂਟ ਨਾ ਲਗਾਉਣ।


ਇਸ ਤੋਂ ਬਾਅਦ ਵੀਡੀਓ  ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਕਾਰਨ ਸਿੱਖ ਸੰਗਤਾਂ 'ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਤੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਕਰਨਲ ਹਰਸਿਮਰਨ ਸਿੰਘ ਅਤੇ ਮੈਨੇਜਰ ਪ੍ਰਭਜੋਤ ਸਿੰਘ ਨੇ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਛੇੜਤਾੜ ਕੀਤੀ ਹੋਈ ਵੀਡੀਓ ਨਾਲ ਸੰਗਤਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਣ।