Amritsar News: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਆੜ ਵਿਚ ਸ਼ਰਾਰਤੀ ਅਨਸਰਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਕੈਨਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੀ ਘੰਟਾਘਰ ਬਾਹੀ 'ਤੇ ਦੋ ਸਕੈਨਰ ਲਗਾਏ ਜਾ ਰਹੇ ਹਨ। ਬੈਗ ਸਕੈਨਰ ਦੀਆਂ ਦੋ ਮਸ਼ੀਨਾਂ ਦੇ ਟਰਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ।

Continues below advertisement


ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਸੰਗਤਾਂ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। 


ਪਿਛਲੇ ਸਮੇਂ ਵਿੱਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜਿਆਂ 'ਤੇ ਸਕੈਨਿੰਗ ਮਸ਼ੀਨਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ 11 ਮਈ ਨੂੰ ਮੁੜ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਸਨ। ਉਨਾਂ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਵਾਲੇ 6 ਰਸਤਿਆਂ ਘੰਟਾ ਘਰ ਬਾਹੀ, ਸਕਤਰੇਤ ਬਾਹੀ, ਪਾਪੜਾ ਵਾਲਾ ਬਜਾਰ ਬਾਹੀ, ਆਟਾ ਮੰਡੀ ਬਾਹੀ, ਸਰਾਂ ਬਾਹੀ ਅਤੇ ਖਜਨਾ ਡਿਉੜੀ ਸਾਹੀ ਤੇ ਇਹ ਸਕੈਨਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ। 
ਇਸ ਬਾਰੇ ਦੋ ਕੰਪਨੀਆਂ ਦੀਆਂ ਸਕੈਨਿੰਗ ਮਸ਼ੀਨਾਂ ਟਰਾਇਲ ਦੇ ਤੌਰ ਸ਼ੁਰੂ ਕੀਤੀਆਂ ਹਨ, ਜਿਹੜੀ ਮਸ਼ੀਨ ਸਹੀ ਕੰਮ ਕਰੋਗੀ ਉਸ ਕੰਪਨੀ ਦੀਆਂ ਮਸ਼ੀਨਾਂ ਲੋੜ ਵਾਲੇ ਸਥਾਨਾਂ 'ਤੇ 24 ਘੰਟੇ ਕੰਮ ਕਰਨ ਲਈ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਕਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਇਕ ਵੱਡਅਕਾਰੀ ਐਲਈਡੀ ਸਕਰੀਨ ਵੀ ਘੰਟਾ ਘਰ ਦੇ ਗੇਟ ਦੇ ਨਾਲ ਲਗਾਈ ਗਈ ਹੈ, ਜਿਸ 'ਤੇ ਸੰਗਤਾਂ ਨੂੰ ਮਰਿਆਦਾ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। 


ਇਸ ਤੋਂ ਇਲਾਵਾਂ ਪਰਿਕਰਮਾ ਦੇ ਸੇਵਾਦਾਰਾਂ ਨੂੰ ਆਪਸੀ ਤਾਲਮੇਲ ਲਈ 50 ਵਾਕੀਟਾਕੀ ਮੁਹੱਈਆ ਕਰਵਾਏ ਗਏ ਹਨ। 5 ਗਾਇਡ ਵੀ ਸੰਗਤ ਦੀ ਸਹੂਲਤ ਲਈ ਪਰਿਕਰਮਾ ਵਿਚ ਲਗਾਏ ਗਏ ਹਨ, ਜਿਹੜੀਆਂ ਸੰਗਤਾਂ ਨੂੰ ਗਾਇਡ ਦੀ ਲੋੜ ਹੁੰਦੀ ਹੈ, ਮੁਫਤ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ ਵਿਚ ਬਹੁਤ ਬਦਲਾਵ ਸੰਗਤਾਂ ਨੂੰ ਦੇਖਣ ਨੂੰ ਮਿਲਣਗੇ।