Punjab News: ਪੰਜਾਬ ਤੋਂ 'ਵਨ ਨੇਸ਼ਨ, ਵਨ ਐਜੂਕੇਸ਼ਨ' ਦੀ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ।


ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਵਨ ਨੇਸ਼ਨ ਵਨ ਐਜੂਕੇਸ਼ਨ’ ਵਾਲੇ ਬਿਆਨ ਦੀ ਕਰੜੀ ਨਿੰਦਾ ਕਰਦਾ ਹਾਂ। ਬੀਤੇ ਕੱਲ੍ਹ ਪੰਜਾਬ ਅੰਦਰ ਕੇਜਰੀਵਾਲ ਵੱਲੋਂ ਇਹ ਬਿਆਨ ਉਸ ਦੀ ਪੰਜਾਬ ਅਤੇ ਖਾਸਕਰ ਸਿੱਖ ਵਿਰੋਧੀ ਮਨਸ਼ਾ ਨੂੰ ਪ੍ਰਗਟਾਉਣ ਵਾਲਾ ਹੈ। ਸਿੱਖਾਂ ਦਾ ਆਪਣਾ ਖਾਸਾ ਹੈ ਅਤੇ ਪੰਜਾਬ ਦੀ ਧਰਤੀ ’ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਇਤਿਹਾਸ ਅਤੇ ਸੱਭਿਆਚਾਰ ਨੂੰ ਰਲਗਡ ਕਰਨ ਵਾਲੀ ਕੋਈ ਵੀ ਚਾਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।






ਪ੍ਰਧਾ੍ਨ ਧਾਮੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ‘ਇਕ ਰਾਸ਼ਟਰ ਇਕ ਸਿੱਖਿਆ’ ਦੀ ਨੀਤੀ ਦਾ ਪ੍ਰਗਟਾਵਾ ਸੂਬਿਆਂ ਦੀ ਮੌਲਿਕ ਵੰਨਸਵੰਨਤਾ ਅਤੇ ਇਤਿਹਾਸ ਨੂੰ ਸੱਟ ਮਾਰਨ ਵਾਲੀ ਸਾਜ਼ਸ਼ ਹੈ। ਪਹਿਲਾਂ ਹੀ ਦੇਸ਼ ਅੰਦਰ ਘਟਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਖੰਡਤ ਕਰਨ ਦੀਆਂ ਕਈ ਹਰਕਤਾਂ ਹੋ ਰਹੀਆਂ ਹਨ, ਜਦਕਿ ਕੇਜਰੀਵਾਲ ਵੱਲੋਂ ਇਸੇ ਦਿਸ਼ਾ ਵਿਚ ਪ੍ਰਗਟਾਵਾ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਦੇ ਵੀ ਪੰਜਾਬ ਹਿੱਤਕਾਰੀ ਨਹੀਂ ਹੈ। ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਇਸ ਹਰਕਤ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਤਾਂ ਜੋ ਖਿੱਤੇ ਦੀ ਆਪਣੀ ਪਛਾਣ ਖੋਰਾ ਲੱਗਣ ਤੋਂ ਬਚੀ ਰਹੇ।


ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਦੇਸ਼ 'ਚ ਸਾਰਿਆਂ ਨੂੰ ਬਰਾਬਰ ਸਿੱਖਿਆ ਮਿਲਣੀ ਚਾਹੀਦੀ ਹੈ, ਇਹ ਸਾਰਿਆਂ ਦਾ ਅਧਿਕਾਰ ਹੈ। ਦਿੱਲੀ ਦੀ ਤਰਜ਼ 'ਤੇ ਹੁਣ ਪੰਜਾਬ 'ਚ ਵੀ ਸਿੱਖਿਆ ਕ੍ਰਾਂਤੀ ਆਵੇਗੀ। ਅੱਜ ਇੱਕ ਰਾਸ਼ਟਰ, ਇੱਕ ਸਿੱਖਿਆ ਪੰਜਾਬ ਤੋਂ ਸ਼ੁਰੂ ਹੋ ਗਈ ਹੈ।