ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਇੱਕ ਪੱਤਰ ਲਿਖ ਕੇ ਆਰਐਸਐਸ ਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਅੱਜ ਮੋਹਨ ਭਾਗਵਤ ਨੂੰ ਲਿਖੇ ਆਪਣੇ ਪੱਤਰ ਵਿਚ ਭਾਈ ਗਰੇਵਾਲ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਆਰੰਭੇ ਗਏ ਸੰਘਰਸ਼ ਨੇ ਦੇਸ਼ ਦੀ ਅਜ਼ਾਦੀ ਦੇ ਘੋਲ ਦਾ ਮੁੱਢ ਬਨਿਆ ਸੀ, ਪਰੰਤੂ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਭਾਜਪਾ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਨੂੰ ਉਲਝਾਉਣ ਲਈ ਸਿੱਧੇ ਤੌਰ ਦਖਲ ਦਿੱਤਾ ਜਾ ਰਿਹਾ ਹੈ।
ਇਸ ਦੀ ਮਿਸਾਲ ਇਸੇ ਮਹੀਨੇ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾਂ ਚੋਣ ਮੌਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਦੀ ਰਾਜਸੀ ਧਿਰ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ, ਹਰਿਆਣਾ ਦੀ ਭਾਜਪਾ ਸਰਕਾਰ ਅਤੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਵਿਚ ਸਿਧੀ ਦਖਲਅੰਦਾਜ਼ੀ ਕੀਤੀ ਗਈ ਹੈ।
ਗਰੇਵਾਲ ਨੇ ਮੋਹਨ ਭਾਗਵਤ ਨੂੰ ਲਿਖਿਆ ਕਿ ਵਾਪਰਿਆ ਇਹ ਘਟਨਾਕ੍ਰਮ ਭਾਰਤ ਦੇ ਬਹੁ-ਸਭਿਅਕ ਤੇ ਬਹੁ-ਧਰਮੀ ਸਮਾਜ ਅੰਦਰ ਆਪਸੀ ਧਾਰਮਿਕ ਦੂਰੀ ਵਧਾਉਣ ਵਾਲਾ ਹੈ। ਜੇਕਰ ਇਹ ਵਰਤਾਰਾ ਨਾ ਰੋਕਿਆ ਗਿਆ ਤਾਂ ਸਿੱਖਾਂ ਦੇ ਮਨਾਂ ਅੰਦਰ ਪੈਦਾ ਹੋਣ ਵਾਲੀ ਅਸਥਿਰਤਾ ਦੇਸ਼ ਲਈ ਘਾਤਕ ਹੋਵੇਗੀ।
ਭਾਈ ਗਰੇਵਾਲ ਨੇ ਕਿਹਾ ਕਿ ਜਿਹੜੇ ਰਸਤੇ ’ਤੇ ਆਰਐਸਐਸ ਤੇ ਇਸ ਦੀ ਰਾਜਸੀ ਧਿਰ ਭਾਜਪਾ ਚਲ ਰਹੀਆਂ ਹਨ, ਇਸ ਤੋਂ ਪਹਿਲਾਂ ਸਿੱਖ ਵਿਰੋਧੀ ਜਮਾਤ ਕਾਂਗਰਸ ਅਜਿਹਾ ਕਰਿਆ ਕਰਦੀ ਸੀ। ਉਨ੍ਹਾਂ ਆਖਿਆ ਕਿ ਇਹ ਨੀਤੀ ਪ੍ਰਵਾਨ ਕਰਨਯੋਗ ਨਹੀਂ ਹੈ ਲਿਹਾਜਾ ਇਸ ਨੂੰ ਰੋਕਿਆ ਜਾਵੇ। ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਪਣੇ 102 ਸਾਲਾ ਦੇ ਸਫਰ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਨਾਲ-ਨਾਲ ਸਿੱਖੀ ਪ੍ਰਚਾਰ, ਸਿਹਤ, ਸਿੱਖਿਆ ਅਤੇ ਮਾਨਵ ਭਲਾਈ ਲਈ ਮਿਸਾਲੀ ਕਾਰਜ ਕੀਤੇ ਹਨ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਕਦੇ ਵੀ ਕਿਸੇ ਦੂਸਰੇ ਧਰਮ ਵਿਚ ਦਖਲ ਨਹੀਂ ਦਿੱਤਾ।
ਉਨ੍ਹਾਂ ਕਿਹਾ ਅੱਜ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਹਾੜੇ ਮੌਕੇ ਸੁਚੇਤ ਕਰਦੇ ਹਾਂ ਕਿ ਆਰਐਸਐਸ ਅਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਇਸ ’ਤੇ ਗਹਿਰਾ ਮੰਥਨ ਕਰਕੇ ਭਵਿੱਖ ਵਿਚ ਸਿੱਖਾਂ ਦੇ ਕੌਮੀ ਮਸਲਿਆਂ ਨੂੰ ਉਲਝਾਉਣ ਵਾਲੀਆਂ ਗਤੀਵਿਧੀਆਂ ਤੋਂ ਗੁਰੇਜ਼ ਕੀਤਾ ਜਾਵੇ।