Amritsar News: ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਲੜੇਗਾ। ਇਹ ਐਲਾਨ ਅੱਜ ਪਾਰਟੀ ਦੇ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ (Harmeet Singh Kalka) ਨੇ ਕੀਤਾ ਹੈ।



ਸੰਗਤ ਆਪਣੀ ਵੋਟਾਂ ਜ਼ਰੂਰ ਬਣਵਾਉਣ
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 21 ਅਕਤੂਬਰ ਤੋਂ 15 ਨਵੰਬਰ ਤੱਕ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਵੋਟਰਾਂ ਦੀ ਰਜਿਸਟਰੇਸ਼ਨ ਹੋ ਰਹੀ ਹੈ। ਉਹਨਾਂ ਕਿਹਾ ਕਿ ਗੁਰਸਿੱਖੀ ਸਰੂਪ ਵਾਲੇ 21 ਸਾਲ ਤੋਂ ਵੱਡੇ ਵੋਟਰ ਆਪਣੀਆਂ ਵੋਟਾਂ ਜ਼਼ਰੂਰ ਬਣਵਾਉਣ। ਉਹਨਾਂ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਵੋਟਾਂ ਬਣਵਾਈਆਂ ਜਾ ਸਕਦੀਆਂ ਹਨ, ਬਣਾਉਣੀਆਂ ਚਾਹੀਦੀਆਂ ਹਨ।



ਸਰਦਾਰ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਪਣੀਆਂ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਇਹ ਚੋਣਾਂ ਲੜੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨਾਲ ਸਹਿਮਤੀ ਨਾ ਬਣੀ ਤਾਂ ਫਿਰ ਪਾਰਟੀ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੀ ਕਰੇਗੀ।


ਸ਼ਰਾਬਬੰਦੀ ਲਾਗੂ ਕਰਨੀ ਚਾਹੀਦੀ
ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਉਹਨਾਂ ਦੇ ਅਧੀਨ ਹੈ। ਉਹਨਾਂ ਕਿਹਾ ਕਿ ਉਹ ਪੁਲਿਸ ਨੂੰ ਸਖ਼ਤ ਹੁਕਮ ਦੇਣ ਕਿ ਕਿਸੇ ਵੀ ਹਾਲਤ ਵਿਚ ਨਸ਼ਾ ਨਹੀਂ ਵਿਕਣਾ ਚਾਹੀਦਾ ਤਾਂ ਫਿਰ ਇਹੋ ਜਿਹੀ ਮੁਹਿੰਮ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਉਹ ਸੱਚਮੁੱਚ ਭਗਵੰਤ ਮਾਨ ਨਸ਼ਾ ਖਤਮ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪੰਜਾਬ ਵਿਚ ਤੁਰੰਤ ਸ਼ਰਾਬਬੰਦੀ ਲਾਗੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਰਾਬ ਵੀ ਇਕ ਨਸ਼ਾ ਹੈ ਤੇ ਇਸ ਲਈ ਹਰ ਕਿਸਮ ਦਾ ਨਸ਼ਾ ਪੰਜਾਬ ਵਿਚ ਖਤਮ ਹੋਣਾ ਚਾਹੀਦਾ ਹੈ।


ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਕੋਲ ਹੀ ਰਹਿਣਾ ਚਾਹੀਦਾ
ਐਸ ਵਾਈ ਐਲ ਨਹਿਰ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਕੋਲ ਹੀ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਗਿਰਗਿਟ ਨਾਲੋਂ ਵੀ ਤੇਜ਼ੀ ਨਾਲ ਰੰਗ ਬਦਲਣ ਵਾਸਤੇ ਮਸ਼ਹੂਰ ਹਨ। ਇਸ ਲਈ ਉਹ ਆਪਣਾ ਸਟੈਂਡ ਕਦੇ ਵੀ ਸਪਸ਼ਟ ਨਹੀਂ ਕਰ ਸਕਦੇ।


ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇ
ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪੰਜਾਬ ਵਿਚ ਬੱਚਿਆਂ ਨੂੰ ਗੁਰਸਿੱਖੀ ਜੀਵਨ ਤੇ ਸਾਡੇ ਅਮੀਰ ਇਤਿਹਾਸ ਨਾਲ ਨਹੀਂ ਜੋੜਿਆ ਗਿਆ ਤੇ ਇਸੇ ਕਾਰਨ ਇਥੇ ਨਸ਼ਿਆਂ ਦਾ ਪਸਾਰ ਹੋ ਰਿਹਾ ਹੈ ਤੇ ਸਿੱਖ ਸੰਗਤਾਂ ਆਪਣੇ ਧਰਮ ਤੋਂ ਹੱਟ ਕੇ ਇਸਾਈ ਧਰਮ ਅਪਣਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ। ਉਹਨਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ ਪਹਿਲਾਂ ਵਿੱਢੀ ਗਈ ਧਰਮ ਪ੍ਰਚਾਰ ਦੀ ਲਹਿਰ ਦੇ ਚੰਗੇ ਨਤੀਜੇ ਨਿਕਲੇ ਹਨ ਤੇ ਅਸੀਂ ਕਈ ਪਰਿਵਾਰ ਵਾਪਸ ਸਿੱਖੀ ਵਿਚ ਲਿਆਉਣ ਵਿਚ ਸਫਲ ਹੋਏ ਹਾਂ।