Amritsar News: ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਲਾਪਤਾ ਹੋਣ ਬਾਰੇ ਜਾਂਚ ਰਿਪੋਰਟ ਜਨਤਕ ਹੋਣ ਮਗਰੋਂ ਮਾਮਲਾ ਗਰਮਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿਰਦੇਸ਼ਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਕਮੇਟੀ ਦੇ ਮੈਂਬਰਾਂ ਨੇ ਜਥੇਦਾਰ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਤੇ ਪੁੱਤਰ ਹਰੀ ਸਿੰਘ ਸਮੇਤ ਪਿੰਡ ਦੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਵਿੱਚ ਕਾਨੂੰਨੀ ਵਿੰਗ ਦੇ ਸੇਵਾਦਾਰ ਭਗਵੰਤ ਸਿੰਘ ਤੇ ਉਨ੍ਹਾਂ ਦੀ ਟੀਮ ਦੀ ਡਿਊਟੀ ਲਾਈ ਹੈ, ਜੋ ਇਸ ਕੇਸ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੜਾਈ ਲੜਨਗੇ।
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਐਡਵੋਕੇਟ ਸਰਬਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਇੱਕ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਗਈ ਸੀ। ਇਹ ਜਾਂਚ ਰਿਪੋਰਟ 1998 ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਐਡੀਸ਼ਨਲ ਡਾਇਰੈਕਟਰ ਜਨਰਲ ਬੀਪੀ ਤਿਵਾੜੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਤੇ ਸਰਕਾਰ ਨੂੰ ਸੌਂਪੀ ਗਈ ਸੀ ਪਰ ਇਹ ਰਿਪੋਰਟ ਲਗਪਗ 25 ਸਾਲ ਸਰਕਾਰ ਕੋਲ ਫਾਈਲਾਂ ਹੇਠ ਦੱਬੀ ਰਹੀ। ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਇਹ ਰਿਪੋਰਟ ਜਨਤਕ ਹੋਈ ਹੈ ਤੇ ਦਸੰਬਰ 1992-93 ਵਿੱਚ ਪੁਲਿਸ ਵੱਲੋਂ ਭਾਈ ਕਾਉਂਕੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਸੱਚ ਸਾਹਮਣੇ ਆ ਗਿਆ ਹੈ।
ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ 90ਵਿਆਂ ਦੌਰਾਨ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇਪੀਐਸ ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਇੱਕ ਬੇਹੱਦ ਘਿਣਾਉਣੀ ਮਿਸਾਲ ਹੈ ਜੋ ਦੁਨੀਆ ਸਾਹਮਣੇ ਆਉਣੀ ਚਾਹੀਦੀ ਹੈ ਤੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦ ਕਰਕੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਭਾਈ ਕਾਉਂਕੇ ਨੂੰ 25 ਦਸੰਬਰ 1992 ਨੂੰ ਪੰਜਾਬ ਪੁਲਿਸ ਵੱਲੋਂ ਘਰੋਂ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਝੂਠਾ ਕੇਸ ਦਰਜ ਕਰਕੇ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੇ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਣ ਸਬੰਧੀ ਪੜਤਾਲ ਕਰਨ ਦੀ ਮੰਗ ’ਤੇ 7 ਜੂਨ 1998 ਨੂੰ ਤਤਕਾਲੀ ਡੀਜੀਪੀ ਨੇ ਏਡੀਜੀਪੀ ਬੀਪੀ ਤਿਵਾੜੀ ਨੂੰ ਪੜਤਾਲ ਕਰਨ ਦੇ ਹੁਕਮ ਦਿੱਤੇ ਸਨ।
ਏਡੀਜੀਪੀ ਤਿਵਾੜੀ ਨੇ ਆਪਣੀ ਪੜਤਾਲ ਦੌਰਾਨ ਭਾਈ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕਹਾਣੀ ਨੂੰ ਝੂਠਾ ਪਾਇਆ ਸੀ। ਉਨ੍ਹਾਂ ਭਾਈ ਕਾਉਂਕੇ ਨੂੰ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਮਗਰੋਂ ਕਤਲ ਕਰਨ ਸਬੰਧੀ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਸਨ। ਜਥੇਦਾਰ ਨੇ ਕਿਹਾ ਕਿ ਭਾਈ ਕਾਉਂਕੇ ਦੇ ਕਤਲ ਦਾ ਮਾਮਲਾ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਦਰਦਨਾਕ ਵਿਥਿਆ ਹੈ ਜਿਸ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।