Amritsar News : ਹਰਿਆਣਾ ਦੇ ਸਿਰਸਾ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਜਥੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਅੰਮ੍ਰਿਤਧਾਰੀ ਸਿੱਖ ਬੱਚੇ ਰਾਜਪ੍ਰੀਤ ਸਿੰਘ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਹੜਕੰਪ ਮਚ ਗਿਆ ਅਤੇ ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

Continues below advertisement

ਜਾਣਕਾਰੀ ਅਨੁਸਾਰ ਸਿਰਸਾ ਤੋਂ 15 ਸ਼ਰਧਾਲੂਆਂ ਦਾ ਜਥਾ ਐਤਵਾਰ ਰਾਤ ਕਰੀਬ 2 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪਹੁੰਚਿਆ ਸੀ। ਇਹ ਜਥਾ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੁਫ਼ਤ ਬੱਸ ਸੇਵਾ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਉੱਥੇ ਮੌਜੂਦ ਕਈ ਦਹਾਕਿਆਂ ਪੁਰਾਣਾ ਇੱਕ ਵਿਸ਼ਾਲ ਦਰੱਖਤ ਅਚਾਨਕ ਡਿੱਗ ਪਿਆ।

Continues below advertisement

ਪੋਸਟਮਾਰਟਮ ਲਈ ਭੇਜੀ ਗਈ ਲਾਸ਼

ਦਰੱਖਤ ਦੀ ਚਪੇਟ ਵਿੱਚ ਆਉਣ ਕਾਰਨ 13 ਸਾਲਾ ਭੁਜੰਗੀ ਰਾਜਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੇਲਵੇ ਥਾਣਾ ਅੰਮ੍ਰਿਤਸਰ ਦੇ ਏਐਸਆਈ ਬਗੀਚਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਿਕਰਮਜੀਤ ਸਿੰਘ ਸਮੇਤ SGPC ਦੇ ਕਈ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ।

ਸਿੱਖ ਮਰਿਆਦਾ ਦਾ ਕਰਦਾ ਸੀ ਪਾਲਣ

ਉਨ੍ਹਾਂ ਦੱਸਿਆ ਕਿ ਰਾਜਪ੍ਰੀਤ ਸਿੰਘ ਛੋਟੀ ਉਮਰ ਤੋਂ ਹੀ ਸਿੱਖੀ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਸੀ। ਉਸ ਨੇ ਘੱਟ ਉਮਰ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਵਜੋਂ ਗੁਰਸਿੱਖ ਜੀਵਨ ਬਤੀਤ ਕਰ ਰਿਹਾ ਸੀ। ਉਹ ਨਿਯਮਿਤ ਤੌਰ 'ਤੇ ਗੁਰਬਾਣੀ ਦਾ ਪਾਠ ਕਰਦਾ, ਗੁਰਦੁਆਰਾ ਸਾਹਿਬ ਜਾਂਦਾ ਅਤੇ ਸਿੱਖ ਮਰਿਆਦਾ ਦੀ ਪਾਲਣਾ ਕਰਦਾ ਸੀ।