SpiceJet Amritsar-Dubai Flight Cancelled: ਮਿਡਲ ਈਸਟ ਖੇਤਰ 'ਚ ਵਧ ਰਹੇ ਤਣਾਅ ਅਤੇ ਏਅਰਸਪੇਸ ਬੰਦ ਹੋਣ ਦੇ ਹਾਲਾਤਾਂ ਦਾ ਅਸਰ ਭਾਰਤੀ ਏਵੀਏਸ਼ਨ ਕੰਪਨੀਆਂ ਦੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸਦਾ ਪ੍ਰਭਾਵ ਮੰਗਲਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਦੀਆਂ ਉਡਾਣਾਂ 'ਤੇ ਵੀ ਵੇਖਣ ਨੂੰ ਮਿਲਿਆ। ਸਪਾਈਸਜੈੱਟ ਏਅਰਲਾਈਨਜ਼ ਨੇ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਉਡਾਣ SG-55 ਨੂੰ ਰੱਦ ਕਰ ਦਿੱਤਾ ਹੈ। ਇਹ ਫਲਾਈਟ ਸਵੇਰੇ 9:15 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਹੋਣੀ ਸੀ। ਏਅਰਲਾਈਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਹੋਰ ਕੁਝ ਉਡਾਣਾਂ ਵੀ ਅੰਸ਼ਕ ਤੌਰ 'ਤੇ ਪ੍ਰਭਾਵਿਤ ਹੋ ਸਕਦੀਆਂ ਹਨ।

ਇਹ ਹਵਾਈ ਰਾਸਤਾ ਪੰਜਾਬ ਦੇ ਸੈਂਕੜੇ NRI ਲਈ ਬਹੁਤ ਮਹੱਤਵਪੂਰਨ ਹੈ, ਜੋ ਰੋਜ਼ਗਾਰ ਜਾਂ ਪਰਿਵਾਰਕ ਕਾਰਨਾਂ ਕਰਕੇ ਨਿਯਮਤ ਤੌਰ 'ਤੇ ਦੁਬਈ ਜਾਂਦੇ ਹਨ। ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਪਾਈਸਜੈੱਟ ਵੱਲੋਂ ਬਿਆਨ ਜਾਰੀ

ਸਪਾਈਸਜੈੱਟ ਨੇ ਸੋਮਵਾਰ ਨੂੰ ਇੱਕ ਅਧਿਕਾਰਿਕ ਬਿਆਨ ਜਾਰੀ ਕਰਦਿਆਂ ਕਿਹਾ –“ਮੱਧ-ਪੂਰਬ ਵਿੱਚ ਏਅਰਸਪੇਸ ਬੰਦ ਹੋਣ ਕਾਰਨ ਸਾਡੀਆਂ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਅਸੀਂ ਯਾਤਰੀਆਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਆਪਣੀ ਉਡਾਣ ਦੀ ਤਾਜ਼ਾ ਜਾਣਕਾਰੀ ਲਈ ਸਾਡੀ ਅਧਿਕਾਰਿਕ ਵੈੱਬਸਾਈਟ 'ਤੇ ਜਾਉਣ ਜਾਂ ਸਾਡੇ ਹੈਲਪਲਾਈਨ ਨੰਬਰਾਂ 'ਤੇ ਸੰਪਰਕ ਕਰਨ।”

ਉਡਾਣ ਤੋਂ ਪਹਿਲਾਂ ਯਾਤਰੀ ਲੈਣ ਤਾਜ਼ਾ ਜਾਣਕਾਰੀ

ਏਅਰਲਾਈਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫਰ 'ਤੇ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਪੁਸ਼ਟੀ ਜ਼ਰੂਰ ਕਰ ਲੈਣ।ਇਸ ਲਈ ਯਾਤਰੀ http://spicejet.com/#status ਵੈੱਬਸਾਈਟ 'ਤੇ ਜਾ ਕੇ ਉਡਾਣ ਦੀ ਜਾਣਕਾਰੀ ਜਾਂਚ ਸਕਦੇ ਹਨ। ਤਾਂ ਜੋ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਏ।

ਇਸ ਦੇ ਇਲਾਵਾ ਹੇਠਾਂ ਦਿੱਤੇ ਹੈਲਪਲਾਈਨ ਨੰਬਰਾਂ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ:

  •  +91 (0)124 4983410
  •  +91 (0)124 7101600

ਹੋਰ ਉਡਾਣਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ

ਜੇ ਮੱਧ-ਪੂਰਬ 'ਚ ਸੁਰੱਖਿਆ ਹਾਲਾਤਾਂ ਵਿੱਚ ਜਲਦੀ ਸੁਧਾਰ ਨਹੀਂ ਆਉਂਦਾ ਤਾਂ ਹੋਰ ਉਡਾਣਾਂ ਨੂੰ ਵੀ ਰੂਟ ਬਦਲਣ, ਦੇਰੀ ਜਾਂ ਰੱਦ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸ ਕਰਕੇ ਖਾੜੀ ਦੇਸ਼ਾਂ ਜਿਵੇਂ ਕਿ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਕਤਰ ਅਤੇ ਬਹਿਰੀਨ ਦੀਆਂ ਉਡਾਣਾਂ 'ਤੇ ਵਧੇਰੇ ਨਿਗਰਾਨੀ ਰੱਖੀ ਜਾ ਰਹੀ ਹੈ।