Punjab woman paraded semi-naked, Amritsar News: ਇੱਕ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਅਰਧ-ਨਗਨ ਹਾਲਤ ਵਿੱਚ ਪਿੰਡ ਵਲਟੋਹਾ ਦੀ ਗਲੀ ਵਿੱਚ ਜ਼ਬਰਨ ਘੁੰਮਾਉਣ ਦੇ ਦੋਸ਼ ਵਿੱਚ ਤਰਨ ਤਾਰਨ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇੱਥੇ  ਐਸਐਸਪੀ, ਤਰਨ ਤਾਰਨ, ਅਸ਼ਵਨੀ ਕਪੂਰ ਨੇ ਦਿੱਤੀ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਕੌਰ, ਗੁਰਚਰਨ ਸਿੰਘ ਤੇ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਜੀਵਨ ਨਗਰ ਵਲਟੋਹਾ ਤੇ ਸੰਨੀ ਵਾਸੀ ਪਿੰਡ ਅਬਾਦੀ ਅਮਰਕੋਟ ਅਮੀਰਕੇ, ਤਰਨ ਤਾਰਨ ਵਜੋਂ ਹੋਈ ਹੈ। ਇਹ ਘਟਨਾ 31 ਮਾਰਚ ਦੀ ਸ਼ਾਮ ਨੂੰ ਵਾਪਰੀ। 


ਦੱਸਣਯੋਗ ਹੈ ਕਿ ਲਗਪਗ ਇੱਕ ਮਹੀਨਾ ਪਹਿਲੋਂ ਪੀੜਤਾ ਦਾ ਲੜਕਾ ਇਕ ਔਰਤ ਨਾਲ ਫਰਾਰ ਹੋ ਗਿਆ ਸੀ ਤੇ ਪਰਿਵਾਰ ਦੀ ਮਰਜ਼ੀ ਦੇ ਉਲਟ ਉਸ ਨੇ ਉਸ  ਔਰਤ ਨਾਲ ਵਿਆਹ ਕਰਵਾ ਲਿਆ ਸੀ। ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੀੜਤਾ ਆਪਣੇ ਘਰ ਇਕੱਲੀ ਸੀ ਤੇ ਕੁਲਵਿੰਦਰ ਕੌਰ (ਫਰਾਰ ਹੋਈ ਲੜਕੀ ਦੀ ਮਾਂ) ਗੁਰਚਰਨ, ਸ਼ਰਨਜੀਤ, ਸੰਨੀ ਤੇ ਇੱਕ ਅਣਪਛਾਤੇ ਵਿਅਕਤੀ ਨਾਲ, ਉਕਤ ਪ੍ਰੇਮ-ਵਿਆਹ ਦਾ ਬਦਲਾ ਲੈਣ ਲਈ ਉਸ ਦੇ ਘਰ ਆਏ ਤੇ ਗਾਲੀ-ਗਲੋਚ ਕਰਨ ਲੱਗੇ। 


ਬਾਅਦ ਵਿੱਚ  ਉਨ੍ਹਾਂ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਉਨ੍ਹਾਂ ਦੱਸਿਆ ਕਿ ਕਥਿਤ ਘਟਨਾ ਦੀ ਵੀਡੀਓ, ਜਿਸ ਵਿੱਚ ਇੱਕ ਔਰਤ ਨੂੰ ਅਰਧ-ਨਗਨ ਹਾਲਤ ਵਿੱਚ ਗਲੀ ਵਿੱਚ ਜ਼ਬਰਨ ਘੁਮਾਇਆ ਗਿਆ ਸੀ, ਨੂੰ ਵੀ ਮੁਲਜ਼ਮਾਂ ਨੇ ਵਾਇਰਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


ਇਸ ਸਬੰਧੀ ਤਰਨ ਤਾਰਨ ਦੇ ਥਾਣਾ ਵਲਟੋਹਾ ਵਿਖੇ ਭਾਰਤੀ ਦੰਡਾਵਲੀ  ਦੀਆਂ ਧਾਰਾਵਾਂ 354, 354-2, 354-4, 323 ਅਤੇ 149 ਤਹਿਤ ਐਫਆਈਆਰ ਨੰਬਰ 20 ਮਿਤੀ 3/4/2024  ਅਧੀਨ ਕੇਸ ਪਹਿਲਾਂ ਹੀ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਵੱਲੋਂ ਉਕਤ ਐਫਆਈਆਰ ਵਿੱਚ ਆਈਟੀ ਐਕਟ ਦੀ ਧਾਰਾ 67 ਤੇ 67-ਏ ਵੀ ਜੋੜੀ ਗਈ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।