Amritsar News : ਅੰਮ੍ਰਿਤਸਰ ਵਿਖੇ ਇੱਕ ਨਿੱਜੀ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਦੀ ਹਾਲਤ ਵਿਗੜਨ ਤੋਂ ਬਾਅਦ ਸ਼ਨੀਵਾਰ ਸਵੇਰੇ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੇ ਸਕੂਲ ’ਤੇ ਇਲਜ਼ਾਮ ਲਗਾਏ ਹਨ। ਵਿਦਿਆਰਥੀ ਦੇ ਪਰਿਵਾਰਕ ਮੈਂਬਰ ਸਕੂਲ ਪ੍ਰਬੰਧਕ ਤੇ ਹਸਪਤਾਲ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।


 

ਮਿਲੀ ਜਾਣਕਾਰੀ ਅਨੁਸਾਰ 6 ਅਪ੍ਰੈਲ ਨੂੰ ਬਟਾਲਾ ਰੋਡ ਸਥਿਤ ਇੱਕ ਨਿੱਜੀ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਕਲਾਸ ਵਿਚ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਮਣੇ ਆਇਆ ਸੀ, ਜਿਸਨੂੰ ਐਸਕੋਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਸ਼ਨੀਵਾਰ ਸਵੇਰੇ ਵਿਦਿਆਰਥੀ ਅਨੁਰਾਗ ਕੁਮਾਰ ਨੇ ਦਮ ਤੋੜ ਦਿੱਤਾ ਹੈ। ਜਿਸ ਮਗਰੋਂ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਸਕੂਲ ਪ੍ਰਬੰਧਕ ਤੇ ਹਸਪਤਾਲ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

 





ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਵਿਦਿਆਰਥੀ ਨੂੰ ਬੇਹੋਸ਼ੀ ਦੀ ਹਾਲਤ 'ਚ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਸੀ ਤਾਂ ਡਾਕਟਰਾਂ ਨੇ ਖੁਦ ਕਿਹਾ ਸੀ ਕਿ ਕੋਈ ਜ਼ਹਿਰੀਲੀ ਚੀਜ਼ ਖਾਧੀ ਹੈ। ਹੁਣ ਡਾਕਟਰਾਂ ਨੇ ਨੈਗੇਟਿਵ ਰਿਪੋਰਟ ਦੇ ਕੇ ਸਕੂਲ ਪ੍ਰਬੰਧਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। 

 




 

ਓਧਰ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਨੁਰਾਗ ਨੂੰ ਉਲਟੀਆਂ ਆਉਣ ’ਤੇ ਨਾ ਕੇਵਲ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਸਗੋਂ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ। ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਨੁਰਾਗ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੇ ਡੈਸਕ ’ਤੇ ਕਾਗਜ਼ ਵਿੱਚ ਕੋਈ ਖ਼ਾਣ ਵਾਲੀ ਚੀਜ਼ ਪਈ ਸੀ ,ਜੋ ਉਸਨੇ ਖਾਧੀ ਜਿਸ ਮਗਰੋਂ ਉਸਦੀ ਹਾਲਤ ਵਿਗੜ ਗਈ। ਇਸ ਮਗਰੋਂ ਅਨੁਰਾਗ ਬੇਹੋਸ਼ ਹੋ ਗਿਆ ਅਤੇ ਮੁੜ ਹੋਸ਼ ਵਿੱਚ ਨਹੀਂ ਆਇਆ।

ਇਸ ਸਬੰਧੀ ਥਾਣਾ ਮੋਹਕਮਪੁਰਾ ਦੇ ਐੱਸਐਚਓ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਅਨੁਰਾਗ ਦੇ ਬੇਹੋਸ਼ੀ ਵਿੱਚ ਚਲੇ ਜਾਣ ਕਾਰਨ ਉਸਦਾ ਬਿਆਨ ਦਰਜ ਨਹੀਂ ਕੀਤਾ ਜਾ ਸਕਿਆ। ਸਕੂਲ ਦੀ ਪ੍ਰਿੰਸੀਪਲ ਨੀਤੂ ਸ਼ਰਮਾ ਨੇ ਕਿਹਾ ਹੈ ਕਿ ਅਨੁਰਾਗ ਨੇ ਸਕੂਲ ਵਿੱਚ ਦੋ ਪੀਰੀਅਡ ਲਗਾਏ ਸਨ ਅਤੇ ਉਸਤੋਂ ਬਾਅਦ ਹੀ ਉਸਦੀ ਤਬੀਅਤ ਵਿਗੜਣੀ ਸ਼ੁਰੂ ਹੋਈ ਸੀ ਅਤੇ ਸਕੂਲ ਵਿੱਚ ਕੋਈ ਐਸੀ ਜ਼ਹਿਰੀਲੀ ਚੀਜ਼ ਨਹੀਂ ਸੀ।