Amritsar News:  ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ (Sukhbir Badal) ਨੇ ਅੰਮ੍ਰਿਤਸਰ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਹੋਰ ਆਗੂ ਵੀ ਉਥੇ ਪਹੁੰਚ ਗਏ। ਆਪਣੀ 10 ਦਿਨਾਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਹ ਸਾਰੇ ਅੰਮ੍ਰਿਤਸਰ ਪੁੱਜੇ ਤੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸਜ਼ਾ ਪੂਰੀ ਕੀਤੀ। 


ਇਸ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ (Daljit Singh Cheema) ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਨੂੰ ਦਿੱਤੇ ਹੁਕਮਾਂ ਨੂੰ ਪ੍ਰਵਾਨ ਕਰਦਿਆਂ ਆਪਣੀ ਸੇਵਾ ਪੂਰੀ ਕਰ ਲਈ ਹੈ। ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿ ਸਾਰਿਆਂ ਨੇ ਸੇਵਾ ਵਿੱਚ ਉਤਸ਼ਾਹ ਨਾਲ ਯੋਗਦਾਨ ਪਾਇਆ। ਇਸ ਦੌਰਾਨ ਚੀਮਾ ਨੇ ਵਿਰਸਾ ਸਿੰਘ ਵਲਟੋਹਾ ਬਾਬਤ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।



ਸੁਰੱਖਿਆ ਪ੍ਰਬੰਧਾਂ ਬਾਰੇ ਚੀਮਾ ਨੇ ਕਿਹਾ ਕਿ ਅੱਜ ਦੀ ਸੁਰੱਖਿਆ ਸਿਰਫ਼ ਦਿਖਾਵੇ ਲਈ ਹੈ। ਜੇ ਅੱਜ ਜਿਸ ਮੁਸਤੈਦੀ ਦਾ ਪੱਧਰ ਉਸ ਦਿਨ ਦਿਖਾਇਆ ਗਿਆ ਹੁੰਦਾ ਤਾਂ ਮਾਮਲਾ ਇਸ ਹੱਦ ਤੱਕ ਨਾ ਵਧਦਾ ਤੇ ਦੁਨੀਆ ਨੂੰ ਜਾ ਰਹੇ ਗ਼ਲਤ ਸੰਦੇਸ਼ ਨੂੰ ਰੋਕਿਆ ਜਾ ਸਕਦਾ ਸੀ। ਸੁਰੱਖਿਆ ਦਿਖਾਵੇ ਲਈ ਨਹੀਂ ਹੋਣੀ ਚਾਹੀਦੀ।


ਕਿਸੇ ਵੇਲੇ ਵੀ ਅਸਤੀਫਾ ਹੋ ਸਕਦਾ ਮਨਜ਼ੂਰ


ਸਜ਼ਾ ਸੁਣਾਉਂਦਿਆਂ ਹੋਇਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ (Shiromni Akali dal) ਦਾ ਹੁਣ ਮੁੜ ਗਠਨ ਹੋਣਾ ਚਾਹੀਦਾ ਹੈ। ਇਨ੍ਹਾਂ ਹੁਕਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਦੀ ਦੇਖ-ਰੇਖ ਹੇਠ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦੀ ਜਿੰਮੇਵਾਰੀ 6 ਮਹੀਨਿਆਂ ਵਿੱਚ ਨਵੀਂ ਭਰਤੀ ਕਰਕੇ ਅਕਾਲੀ ਦਲ ਦਾ ਨਵਾਂ ਢਾਂਚਾ ਤਿਆਰ ਕਰਨਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਸੁਖਬੀਰ ਬਾਦਲ ਤੇ ਹੋਰਨਾਂ ਦੇ ਅਸਤੀਫ਼ੇ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹੁਣ ਜਦੋਂ ਸੁਖਬੀਰ ਬਾਦਲ ਦੀ ਸਜ਼ਾ ਪੂਰੀ ਹੋ ਰਹੀ ਹੈ ਤਾਂ ਉਨ੍ਹਾਂ ਦਾ ਅਸਤੀਫਾ ਕਿਸੇ ਵੇਲੇ ਵੀ ਪ੍ਰਵਾਨ ਹੋ ਸਕਦਾ ਹੈ ਅਤੇ ਅਕਾਲੀ ਦਲ ਦਾ ਨਵਾਂ ਢਾਂਚਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।