Amritsar News: ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੋਣ ਵਾਲੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) ਦੇ ਮਾਧਿਅਮ ਰਾਹੀਂ ਜਿੱਥੇ ਕਈ ਦੇਸ਼ਾਂ ਵਿੱਚ ਉਦਯੋਗਿਕ ਸਬੰਧ ਮਜ਼ਬੂਤ ਹੋਣਗੇ, ਉਥੇ ਹੀ ਉਦਯੋਗ ਜਗਤ ਦੇ ਖੇਤਰ ‘ਚ ਅੰਮ੍ਰਿਤਸਰ ਦਾ ਗ੍ਰਾਫ ਵੀ ਵਧੇਗਾ। ਇਹ ਵਿਚਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ 8 ਦਸੰਬਰ ਤੋਂ 12 ਦਸੰਬਰ ਤੱਕ ਕਰਵਾਏ ਜਾਣ ਵਾਲੇ ਪਾਈਟੈਕਸ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। 


 


ਉਨਾਂ ਕਿਹਾ ਕਿ ਬੇਸ਼ਕ ਇਹ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਇਆ ਜਾਂਦਾ ਹੈ ਪਰ ਗੁਰੂ ਨਗਰੀ ਵਿੱਚ ਹੋਣ ਕਾਰਨ ਇਸ ਪ੍ਰੋਗਰਾਮ ਦੀ ਮੇਜਬਾਨੀ ਸਾਡੀ ਜਿੰਮੇਵਾਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ 15 ਸਾਲਾਂ ਦੇ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ ਜਿਸ ਦੇ ਆਯੋਜਨ ਦਾ ਇੱਥੋਂ ਦੇ ਲੋਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ। 


ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਵਸਨੀਕਾਂ ਨੂੰ ਇਸ ਵਿੱਚ ਵਧ ਚੜ ਕੇ ਭਾਗ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਮੁੱਚੇ ਅੰਮ੍ਰਿਤਸਰ ਵਸਨੀਕਾਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਪਾਇਟੈਕਸ ਵਰਗੇ ਪ੍ਰੋਗਰਾਮਾਂ ਦਾ ਆਯੋਜਨ ਇੱਥੋਂ ਹੋ ਰਿਹਾ ਹੈ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਕਨਵੀਨਰ ਸ੍ਰੀ ਜੈਦੀਪ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਉਦਯੋਗਾਂ ਦੇ ਇਲਾਵਾ ਪੰਜਾਬ ਸਰਕਾਰ ਦੇ ਸੰਸਥਾਵਾਂ ਪੀਐਸਆਈਈਸੀ, ਗਮਾਡਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਮਿਲਕਫੈਡ, ਮਾਰਕਫੈਡ ਆਪਣੀ ਮੌਜੂਦਗੀ ਦਰਜ ਕਰਵਾਉਣਗੇ। 


ਇਸਦੇ ਇਲਾਵਾ ਕੇਂਦਰ ਸਰਕਾਰ ਦੇ ਵਿਭਾਗ ਐਮਐਸਐਮਈ, ਨਾਬਾਰਡ, ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ, ਆਯੂਸ਼ ਮੰਤਰਾਲੇ, ਐਨਐਸਆਈਸੀ, ਨੈਸ਼ਨਲ ਅਤੇ ਕਾਰਪੋਰੇਸ਼ਨ, ਨੈਸ਼ਨਲ ਜੂਟ ਬੋਰਡ, ਨੈਸ਼ਨਲ ਕਾਇਰ ਬੋਰਡ ਸਮੇਤ ਕਈ ਵਿਭਾਗ ਪਾਈਟੈਕਸ ਵਿੱਚ ਆਪਣੇ ਸਟਾਲ ਲਗਾਉਣਗੇ। ਇਸ ਮੌਕੇ ਬੋਲਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ਨੇ ਦੱਸਿਆ ਕਿ ਇੱਥੇ ਕਰੀਬ ਦਸ ਹਜ਼ਾਰ ਸਕੇਯਰ ਮੀਟਰ ਵਿੱਚ ਕਰੀਬ 500 ਸਟਾਲ ਲਗਾਏ ਜਾਣਗੇ। 


ਉਨਾਂ ਦੱਸਿਆ ਕਿ ਸਾਲ 2005 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਪਾਇਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇੱਥੇ ਕਰੀਬ 150 ਕਾਰੋਬਾਰੀਆਂ ਨੇ ਭਾਗ ਲਿਆ ਸੀ ਅਤੇ ਮਹਿਜ 50 ਹਜ਼ਾਰ ਲੋਕਾਂ ਨੇ ਇੱਥੋਂ ਦਾ ਦੌਰਾ ਕੀਤਾ ਸੀ। ਪਿਛਲੇ ਸਾਲ ਇੱਥੇ ਕਰੀਬ ਤਿੰਨ ਲੱਖ ਲੋਕ ਆਏ ਸਨ ਅਤੇ ਇਸ ਸਾਲ 5 ਲੱਖ ਦੇ ਕਰੀਬ ਲੋਕਾਂ ਦੇ ਆਉਣ ਦੀ ਉਮੀਦ ਹੈ।