Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਜੋਤ ਸਿੰਘ ਦੇ ਖ਼ਿਲਾਫ਼ ਥਾਣਾ ਮਜੀਠਾ ਵਿੱਚ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ। ਦਿਲਜੋਤ ਸਿੰਘ ਖ਼ਿਲਾਫ਼ ਧਾਰਾ 336 ਤੇ 188 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਪੂਰਾ ਮਾਮਲਾ ਹੈ ਸ਼ਰੇਆਮ ਹਥਿਆਰਾਂ ਦਾ, ਦਰਅਸਲ ਪਿੰਡ ਭੰਗਾਲੀ ਦੇ ਘਰੇਲੂ ਸਮਾਗਮ ਵਿੱਚ ਕੱਥੂਨੰਗਲ ਥਾਣੇ ਵਿੱਚ ਤੈਨਾਤ ਕਾਂਸਟੇਬਲ ਨੇ ਵਿਆਹ ਵਿੱਚ ਸ਼ਰੇਆਮ ਫਾਇਰ ਕੀਤੇ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਹੁਣ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।


ਮਜੀਠਾ ਥਾਣੇ ਦੇ ਐਸਐਚਓ ਮਨਮੀਤਪਾਲ ਸਿੰਘ ਸੰਧੂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾਵੇਗਾ ਜਿਸ ਵਿੱਚ ਪਤਾ ਕੀਤਾ ਜਾਵੇਗਾ ਕਿ ਜਿਸ ਅਸਲ੍ਹੇ ਤੋਂ ਫ਼ਾਇਰ ਕੀਤੇ ਹਨ ਉਹ ਜਾਇਜ਼ ਹੈ ਜਾਂ ਫਿਰ ਨਜਾਇਜ਼, ਜਿਸ ਦੇ ਤਹਿਤ ਆਰਮਜ਼ ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ਜ਼ਿਕਰ ਕਰ ਦਈਏ ਕਿ ਇਹ ਪੂਰਾ ਮਾਮਲਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਮੀਡੀਆ ਰਾਹੀਂ ਆਇਆ ਹੈ ਜਿਸ ਤੋਂ ਬਾਅਦ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


ਬੰਦੂਕ ਕਲਚਰ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ


ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਹਨ। ਪੰਜਾਬ ਸਰਕਾਰ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੂਬੇ 'ਚ ਹਰ ਰੋਜ਼ ਗੋਲੀਆਂ ਚੱਲਣ ਦੀਆਂ ਖਬਰਾਂ ਆ ਰਹੀਆਂ ਹਨ, ਸਰਕਾਰ ਨੇ ਇਸ ਸਬੰਧੀ ਸਖਤੀ ਦਿਖਾਈ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ 'ਤੇ ਸਖ਼ਤ ਪਾਬੰਦੀ ਹੋਵੇਗੀ।


ਇਸ ਦੇ ਨਾਲ ਹੀ ਅਸਲਾ ਲਾਇਸੈਂਸ ਵੀ ਇੰਨੀ ਆਸਾਨੀ ਨਾਲ ਨਹੀਂ ਮਿਲੇਗਾ। ਇਸ ਸਬੰਧੀ ਕਈ ਨਿਯਮ ਵੀ ਬਣਾਏ ਗਏ ਹਨ। ਸਖ਼ਤੀ ਦੀ ਸਥਿਤੀ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਗੀਤਾਂ ਵਿੱਚ ਹਥਿਆਰਾਂ ਦੀ ਵਡਿਆਈ ਬੰਦ ਕਰ ਦਿੱਤੀ ਗਈ ਹੈ। ਹੁਣ ਤੋਂ ਨਸ਼ੇ ਅਤੇ ਹਥਿਆਰ ਗੀਤ ਦਾ ਹਿੱਸਾ ਨਹੀਂ ਹੋਣਗੇ।