Amritsar News: ਅੰਮ੍ਰਿਤਸਰ (Amritsar) ਦੇ ਮਜੀਠਾ ਰੋਡ 'ਤੇ ਸਥਿਤ ਇੱਕ ਹੋਟਲ ਦੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ ਗਈ। ਇਹ ਵਾਰਦਾਤ ਲੰਘੀ ਰਾਤ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਾਪਰੀ। ਮੈਨੇਜਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਫਰੀਦਕੋਟ ਦਾ ਰਹਿਣ ਵਾਲਾ ਰਣਦੀਪ ਕੁਮਾਰ ਤੇ ਉੱਤਰਾਖੰਡ ਦਾ ਰੋਹਿਤ ਸਿੰਘ ਦੋ ਦਿਨਾਂ ਤੋਂ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਜੇਕੇ ਹੋਟਲ 'ਚ ਠਹਿਰੇ ਹੋਏ ਸਨ। ਦੋਵੇਂ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਨੇ ਦੁਬਈ ਦੇ ਰਹਿਣ ਵਾਲੇ ਜਤਿੰਦਰ ਸਿੰਘ ਨਾਲ ਮਿਲ ਕੇ ਉਤਰਾਖੰਡ ਦੇ ਹੀ ਇੱਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਲਈ 25 ਲੱਖ ਰੁਪਏ ਵਿੱਚ ਗੱਲ਼ ਕੀਤੀ ਸੀ।
ਆਸਟ੍ਰੇਲੀਆ ਜਾਣ ਵਾਲੇ ਨੌਜਵਾਨਾਂ ਨੂੰ ਦਿੱਲੀ ਭੇਜਿਆ ਗਿਆ। ਉਸ ਤੋਂ ਬਾਅਦ ਜਤਿੰਦਰ ਸਿੰਘ ਵੱਲੋਂ ਟਿਕਟ ਤੇ ਵੀਜ਼ਾ ਦੇਣ ਤੋਂ ਪਹਿਲਾਂ ਪੈਸੇ ਦੀ ਮੰਗ ਕੀਤੀ ਗਈ। ਇਹੀ ਪੈਸੇ ਦੇਣ ਲਈ ਰਣਦੀਪ ਕੁਮਾਰ ਤੇ ਰੋਹਿਤ ਸਿੰਘ ਨੇ 16 ਤੋਂ 17 ਲੱਖ ਰੁਪਏ ਕੱਢੇ। ਇਸ ਨੂੰ ਲੈਣ ਲਈ ਜਤਿੰਦਰ ਸਿੰਘ ਨੇ ਆਪਣੇ ਭਰਾ ਰਵਿੰਦਰ ਸਿੰਘ ਉਰਫ਼ ਰਿੱਕੀ ਨੂੰ ਹੋਟਲ ਭੇਜਿਆ ਸੀ।
ਰਵਿੰਦਰ ਸਿੰਘ ਆਪਣੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ ਸੀ। ਪਹਿਲਾਂ ਉਸ ਨੇ ਹੋਟਲ ਦੇ ਕਮਰੇ ਵਿੱਚ ਪੈਸੇ ਗਿਣੇ। ਫਿਰ ਰਣਦੀਪ ਤੇ ਰੋਹਿਤ ਨੂੰ ਬਾਹਰੋਂ ਦਰਵਾਜ਼ਾ ਬੰਦ ਕਰਕੇ ਪੈਸੇ ਲੈ ਭੱਜਣ ਲੱਗੇ। ਉਨ੍ਹਾਂ ਕਮਰੇ ਵਿੱਚੋਂ ਹੀ ਰੌਲਾ ਪਾਇਆ, ਜਿਸ ਨੂੰ ਸੁਣ ਕੇ ਹੋਟਲ ਦੇ ਮੈਨੇਜਰ ਮਨਰੂਪ ਸਿੰਘ ਤੇ ਤਿੰਨ ਹੋਰ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀ ਮਨਰੂਪ ਸਿੰਘ ਦੇ ਹੱਥ ਵਿੱਚ ਲੱਗ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਮੌਕੇ ’ਤੇ ਪੁੱਜੇ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ (ACP North Virinder Singh Khosa) ਨੇ ਦੱਸਿਆ ਕਿ ਰਵਿੰਦਰ ਸਿੰਘ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਮਦਦ ਲਈ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।