Punjab Politics: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ 'ਵਪਾਰੀ ਕਾਰੋਬਾਰੀ ਮਿਲਣੀ' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। 


ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਡੇ ਲਈ ਬਹੁਤ ਮਹੱਤਵਪੂਰਨ ਹੋ। ਇਸ ਲਈ ਮੈਂ ਦਿੱਲੀ ਵਿਚ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸਿੱਧਾ ਤੁਹਾਨੂੰ ਮਿਲਣ ਆਇਆ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਿਛਲੇ ਸਾਲ ਪੰਜਾਬ ਆਇਆ ਸੀ ਤਾਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ। ਇਸ ਵਾਰ ਮੈਂ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਸਾਨੂੰ 13-0 ਨਾਲ ਜਿੱਤਾ ਕੇ ਕੇਂਦਰ ਵਿੱਚ ਮਜ਼ਬੂਤ ਬਣਾਓ। ਫਿਰ ਅਸੀਂ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਾਂਗੇ ਅਤੇ ਸਾਰੇ ਬਕਾਇਆ ਫੰਡ ਵੀ ਜਾਰੀ ਕਰਵਾਵਾਂਗੇ।


ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀ ਰਾਜਾਂ ਵਾਲੀਆਂ ਰਾਜ ਸਰਕਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ। ਹੁਣ ਉਨ੍ਹਾਂ ਨੇ ਤਾਨਾਸ਼ਾਹੀ ਅਤੇ ਗੁੰਡਾਗਰਦੀ ਦਾ ਖੁੱਲ੍ਹ ਕੇ ਸਹਾਰਾ ਲਿਆ ਹੈ। ਉਹ ਹੁਣ ਲੋਕਾਂ ਨੂੰ ਧਮਕੀ ਦਿੰਦੇ ਹਨ ਕਿ ਜਾਂ ਤਾਂ ਸਾਨੂੰ ਜਿਤਾਓ ਜਾਂ ਅਸੀਂ ਸੂਬੇ ਦੇ ਕੰਮ ਨਹੀਂ ਹੋਣ ਦੇਵਾਂਗੇ।  ਜਿਸ ਰਾਜ ਵਿਚ ਉਹ ਹਾਰਦੇ ਹਨ, ਉਹ ਰਾਜਪਾਲ ਰਾਹੀਂ ਰਾਜ ਸਰਕਾਰ ਨੂੰ ਤੰਗ ਕਰਦੇ ਹਨ। ਪੰਜਾਬ ਦੇ ਰਾਜਪਾਲ ਨੇ ਵੀ ਸਾਡੀ ਸਰਕਾਰ ਦੇ ਕਈ ਅਹਿਮ ਬਿੱਲਾਂ ਨੂੰ ਰੋਕ ਦਿੱਤਾ ਹੈ।


ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਹੰਕਾਰ ਐਨਾ ਵੱਧ ਗਿਆ ਹੈ ਕਿ ਭਗਵਾਨ ਜਗਨ ਨਾਥ ਜਿਨ੍ਹਾਂ ਨੂੰ ਜਗਤ ਦਾ ਨਾਥ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਉਹ ਐਨੇ ਹੰਕਾਰੀ ਹੋ ਗਏ ਹਨ ਕਿ ਲੋਕ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ।


ਕੁਝ ਦਿਨ ਪਹਿਲਾਂ ਹੀ ਮੋਦੀ ਜੀ ਆਪਣੇ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਮੈਨੂੰ ਪਰਮੇਸ਼ਵਰ ਦੁਆਰਾ ਧਰਤੀ 'ਤੇ ਸਿੱਧਾ ਭੇਜਿਆ ਗਿਆ ਹੈ। ਮੈਂ ਰੱਬ ਦਾ ਅਵਤਾਰ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੁਝ ਹੀ ਦਿਨਾਂ 'ਚ ਮੰਦਰਾਂ 'ਚੋਂ ਭਗਵਾਨ ਦੀ ਮੂਰਤੀ ਹਟਾ ਕੇ ਮੋਦੀ ਜੀ ਦੀ ਮੂਰਤੀ ਸਥਾਪਿਤ ਕਰ ਦੇਣਗੇ। ਇਹ ਕਹਿੰਦੇ ਹਨ ਕਿ ਮੋਦੀ ਜੀ ਭਗਵਾਨ ਰਾਮ ਨੂੰ ਲੈ ਕੇ ਆਏ ਹਨ। ਜਦੋਂ ਕਿ ਇਸ ਬ੍ਰਹਿਮੰਡ ਦੀ ਰਚਨਾ ਭਗਵਾਨ ਰਾਮ ਨੇ ਕੀਤੀ ਹੈ।


ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਮੁੱਦਿਆਂ 'ਤੇ ਗੱਲ ਨਹੀਂ ਕਰਦੇ। ਉਹ ਕੰਮ ਦੀ ਗੱਲ ਕਰਨ ਦੀ ਬਜਾਏ ਮੰਗਲ-ਸੂਤਰ ਅਤੇ ਮੱਝ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ।