Amritsar News: ਅੰਮ੍ਰਿਤਸਰ ਅਧੀਨ ਆਉਂਦੇ ਸਰਹੱਦੀ ਪਿੰਡ ਸੌੜੀਆਂ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਰਨੈਲ ਸਿੰਘ ਪੁੱਤਰ ਗੁਰਮੇਜ ਸਿੰਘ 30 ਸਾਲ ਪਿਛਲੇ 5 ਸਾਲਾਂ ਤੋਂ ਨਸ਼ੇ ਦਾ ਆਦੀ ਸੀ।

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਮ੍ਰਿਤਕ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾ ਲਿਆ, ਜਿਸ ਨੂੰ ਬੇਹੋਸ਼ੀ ਦੀ ਹਾਲਤ 'ਚ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ। ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦੀ ਭੇਜਿਆ ਗਿਆ ਪਰ ਨਸ਼ੇ ਦੀ ਓਵਰਡੋਜ਼ ਨਾਲ ਉਸਦੀ ਮੌਤ ਹੋ ਗਈ ਹੈ।


ਇਹ ਵੀ ਪੜ੍ਹੋ : ਸ਼ਰੇਆਮ ਗੁੰਡਾਗਰਦੀ! ਸ਼ਰੇਆਮ ਕੀਤਾ ਨੌਜਵਾਨ ਨੂੰ ਅਗਵਾ

ਇਸ ਦੌਰਾਨ ਮ੍ਰਿਤਕ ਦੀ ਮਾਂ ਨੇ ਨਸ਼ਿਆਂ ਨੂੰ ਲੈ ਕੇ ਸਰਕਾਰ 'ਤੇ ਵੀ ਸਵਾਲ ਚੁੱਕੇ ਹਨ।ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਸਰਕਾਰਾਂ ਦੀ ਗੰਦੀ ਰਾਜਨੀਤੀ ਨੇ ਸਾਡਾ ਘਰ ਤਬਾਹ ਕਰ ਦਿੱਤਾ। ਮ੍ਰਿਤਕ ਦੀ ਮਾਂ ਨੇ ਕਿਹਾ ਕਿ 'ਨਸ਼ਿਆਂ ਨੇ ਮੇਰਾ ਪੁੱਤ ਖਾ ਲਿਆ। ਮੇਰਾ ਪੁੱਤ ਤਾਂ ਚਲਾ ਗਿਆ, ਦੂਜਿਆਂ ਦੇ ਬਚਾ ਲਓ'। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਰੋਜ਼ਾਨਾ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਪਰ ਸਰਕਾਰ ਨਸ਼ੇ ਤੇ ਕਾਬੂ ਪਾਉਣ ਤੋਂ ਅਸਮਰਥ ਦਿਖਾਈ ਦੇ ਰਹੀ ਹੈ।


ਇਹ ਵੀ ਪੜ੍ਹੋ : ਜੋਤੀ ਨੂਰਾਂ ਨੇ ਸਾਂਝਾ ਕੀਤਾ ਹੋਸ਼ ਉਡਾਉਣ ਵਾਲਾ ਵੀਡੀਓ, ਸੂਫੀ ਗਾਇਕਾ ਨੂੰ 'ਕੁਨਾਲ ਪਾਸੀ ਤੋਂ ਜਾਨ ਦਾ ਖਤਰਾ'

ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਹਰ ਰੋਜ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।  ਇਸ ਤੋਂ ਇਲਾਵਾ ਅੱਜ ਲੁਧਿਆਣਾ ਦੇ ਪਿੰਡ ਚੂਹੜਵਾਲ ’ਚ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਹੈ। ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵੰਤ ਸਿੰਘ (31) ਪੁੱਤਰ ਗੁਰਮੇਲ ਸਿੰਘ ਨਿਵਾਸੀ ਚੂਹੜਵਾਲ ਵਜੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਦੋਸਤਾਂ ਨਾਲ ਪਿੰਡ ਤਲਵੰਡੀ ਕਲਾਂ ਤੋਂ ਹੈਰੋਇਨ ਖਰੀਦ ਕੇ ਲਿਆਇਆ ਸੀ ਅਤੇ ਉੱਥੋਂ ਵਾਪਸ ਆ ਕੇ ਤਿੰਨੋਂ ਆਪਣੇ ਪਿੰਡ ਕੋਲ ਇਕ ਮੋਟਰ ’ਤੇ ਬੈਠ ਕੇ ਨਸ਼ਾ ਕਰਨ ਲੱਗੇ। ਉਸੇ ਦੌਰਾਨ ਕੁਲਵੰਤ ਸਿੰਘ ਨੇ ਨਸ਼ੇ ਦਾ ਟੀਕਾ ਲਗਾਇਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਟਰੈਕਟਰ-ਟਰਾਲੀ ਚਲਾਉਣ ਦਾ ਕੰਮ ਕਰਦਾ ਸੀ, ਜਿਸ ਦੇ 2 ਛੋਟੇ ਬੱਚੇ ਹਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ।