Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਅਹੁਦਾ ਛੱਡਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ, ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੋਵੇਂ ਜਥੇਦਾਰੀਆਂ ਤਿਆਗਣ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਘਵ ਚੱਢਾ ਦੇ ਰੁਝੇਵਿਆਂ ਕਾਰਨ ਦੂਰੀ ਨਹੀਂ ਵਧੀ ਹੈ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਕੋਈ ਵੱਡੀ ਗੱਲ ਨਹੀਂ ਸੀ।ਇਸ ਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ 'ਤੇ ਕੀਤੀ ਗਈ ਟਿੱਪਣੀ 'ਤੇ ਵੀ ਗੁੱਸਾ ਪ੍ਰਗਟ ਕੀਤਾ।
ਵਲਟੋਹਾ ਨੂੰ ਬਣਾ ਦਿੱਤਾ ਜਾਵੇ ਜਥੇਦਾਰ-ਗਿਆਨੀ ਹਰਪ੍ਰੀਤ ਸਿੰਘ
ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੇ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਲਟੋਹਾ ਦੇ ਬਿਆਨ ਬਾਰੇ ਪਤਾ ਲੱਗਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਨ ਲਈ ਕਥਾਵਾਚਕ, ਗ੍ਰੰਥੀ ਜਾਂ ਵਿਦਵਾਨ ਹੋਣਾ ਜ਼ਰੂਰੀ ਨਹੀਂ ਹੈ। ਜਥੇਦਾਰ ਨੂੰ ਦਲੇਰ ਹੋਣਾ ਚਾਹੀਦਾ ਹੈ। ਜਿਸ ਤੋ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਜਾਵੇ। ਉਹ ਬਹੁਤ ਦਲੇਰ ਹੈ।
ਵਿਰਸਾ ਸਿੰਘ ਵਲਟੋਹਾ ਨੇ ਕੀ ਕੀਤੀ ਸੀ ਟਿੱਪਣੀ
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ, ਸਿੱਖ ਕੌਮ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਹੈ। ਤਖਤ ਸਾਹਿਬ ਦੇ ਜਥੇਦਾਰ ਦਾ ਮੁੱਢਲਾ ਫਰਜ ਪੰਥ ਨੂੰ ਧਾਰਮਿਕ ਤੇ ਰਾਜਨੀਤਿਕ ਅਗਵਾਈ ਦੇਣਾ ਹੈ। ਜਰੂਰੀ ਨਹੀਂ ਕਿ ਜਥੇਦਾਰ ਕੇਵਲ ਕੋਈ ਕਥਾਵਾਚਕ,ਪ੍ਰਚਾਰਕ,ਗਿਆਨੀ,ਗ੍ਰੰਥੀ,ਤਗੜਾ ਬੁਲਾਰਾ ਜਾਂ ਵਧੀਆ ਲੱਛੇਦਾਰ ਭਾਸ਼ਣ ਕਰਨ ਵਾਲਾ ਹੀ ਹੋਵੇ। ਹਾਂ ਇਹ ਸਭ ਸਖਸ਼ੀਅਤਾਂ,ਹਸਤੀਆਂ ਪੰਥ ਵਿੱਚ ਬਹੁਤ ਹੀ ਸਤਿਕਾਰਤ ਹਨ। ਸਗੋਂ ਜਿਸ ਕਿਸ ਵੀ ਵੱਡਭਾਗੇ ਸਿੱਖ ਨੂੰ ਜਥੇਦਾਰ ਦੀ ਸੇਵਾ ਮਿਲਦੀ ਹੈ ਤਾਂ ਉਨਾਂ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸੋਚ 'ਤੇ ਚੱਲਦਿਆਂ ਧਰਮ ਅਤੇ ਇਤਿਹਾਸ ਦੀ ਰੌਸ਼ਨੀ ਵਿੱਚ ਪਰਪੱਕਤਾ ਦੇ ਨਾਲ ਨਿਡਰ,ਨਿਰਭੈ ਅਤੇ ਨਿਧੱੜਕ ਹੋਕੇ ਕੌਮ ਦੀ ਬੇਹਤਰੀ ਅਤੇ ਕੌਮੀ ਹੱਕਾਂ ਲਈ ਬੇਖੌਫ ਹੋਕੇ ਸਿੱਖ ਕੌਮ ਦੀ ਅਗਵਾਈ ਕਰੇ।