Commonwealth Games 2026 :  ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਨੇ ਇੱਕ ਹੋਰ ਤਗਮਾ ਆਪਣੇ ਨਾਮ ਕੀਤਾ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 110+ ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ (ਸਿਲਵਰ ਮੈਡਲ) ਜਿੱਤਿਆ। ਇਸ ਇਤਿਹਾਸਕ ਕਾਮਯਾਬੀ ਤੋਂ ਬਾਅਦ ਅੰਮ੍ਰਿਤਸਰ ਦੇ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਹੈ।

Continues below advertisement

ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਢੋਲ-ਨਗਾੜਿਆਂ ਨਾਲ ਜਸ਼ਨ ਮਨਾਇਆ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਲਵਪ੍ਰੀਤ ਦੀ ਇਸ ਸਫਲਤਾ ਦਾ ਜਸ਼ਨ ਮਨਾਇਆ। ਲਵਪ੍ਰੀਤ ਸਿੰਘ ਭਾਰਤੀ ਨੌਸੈਨਾ ਵਿੱਚ ਜਵਾਨ ਵਜੋਂ ਦੇਸ਼ ਦੀ ਸੇਵਾ ਵੀ ਨਿਭਾ ਰਹੇ ਹਨ।

ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਨੇ ਆਪਣੇ ਪਰਿਵਾਰ, ਪਿੰਡ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 10 ਤੋਂ 12 ਸਾਲਾਂ ਦੀ ਕੜੀ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਲਵਪ੍ਰੀਤ ਨੇ ਇਹ ਮਕਾਮ ਹਾਸਲ ਕੀਤਾ ਹੈ।

Continues below advertisement

ਪੁੱਤਰ ਨੇ ਮੈਡਲ ਜਿੱਤ ਕੇ ਵਾਪਸ ਆਉਣ ਦਾ ਵਾਅਦਾ ਕੀਤਾ ਸੀ

ਲਵਪ੍ਰੀਤ ਦੇ ਪਿਤਾ ਕਿਰਪਾਲ ਸਿੰਘ ਨੇ ਦੱਸਿਆ ਕਿ ਮੁਕਾਬਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਮੈਡਲ ਜਿੱਤ ਕੇ ਵਾਪਸ ਆਉਣ ਦਾ ਵਾਅਦਾ ਕੀਤਾ ਸੀ, ਜੋ ਉਸ ਨੇ ਪੂਰਾ ਕਰ ਦਿਖਾਇਆ। ਉੱਥੇ ਹੀ ਮਾਤਾ ਸੁਖਵਿੰਦਰ ਕੌਰ ਨੇ ਇਸ ਕਾਮਯਾਬੀ ਨੂੰ ਵਾਹਿਗੁਰੂ ਦੀ ਕਿਰਪਾ ਅਤੇ ਪੁੱਤਰ ਦੀ ਕੜੀ ਮਿਹਨਤ ਦਾ ਨਤੀਜਾ ਦੱਸਿਆ।

ਕੁੱਲ 388 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ ਤਗਮਾ

ਲਵਪ੍ਰੀਤ ਸਿੰਘ ਨੇ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਨ੍ਹਾਂ ਨੇ ਕੁੱਲ 388 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਉਹ ਸੋਨੇ ਦੇ ਤਗਮੇ ਤੋਂ ਸਿਰਫ਼ 1 ਕਿਲੋਗ੍ਰਾਮ ਪਿੱਛੇ ਰਹੇ।

ਨਿਊਜ਼ੀਲੈਂਡ ਦੇ ਡੇਵਿਡ ਐਂਡਰੂ ਲਿਟੀ ਨੇ 389 ਕਿਲੋਗ੍ਰਾਮ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਇੰਗਲੈਂਡ ਦੇ ਐਂਡਰੂ ਗ੍ਰਿਫਿਥ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਸਧਾਰਨ ਪਰਿਵਾਰ ਨਾਲ ਸੰਬੰਧ

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਲ ਸਚੰਦਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਰਜ਼ੀ ਦਾ ਕੰਮ ਕਰਦੇ ਹਨ, ਜਦਕਿ ਉਨ੍ਹਾਂ ਦੇ ਦਾਦਾ ਸਬਜ਼ੀਆਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ।