Bathinda News: ਫੌਜ ਦੇ ਜੰਗੀ ਜਹਾਜ਼ ਜੈਗੁਆਰ ਦੀ ਪ੍ਰੀਖਣ ਉਡਾਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਡੱਬਵਾਲੀ ਨੇੜਲੇ ਪਿੰਡ ਸਕਤਾਖੇੜਾ ਦੇ ਕਿਸਾਨ ਇੰਦਰਜੀਤ ਬਿਸ਼ਨੋਈ ਦੇ ਖੇਤ ਵਿੱਚ ਜਹਾਜ਼ ਵਿੱਚੋਂ ਭਾਰੀ ਯੰਤਰ ਡਿੱਗ ਗਿਆ। ਇਹ ਡੰਮੀ ਟੈਂਕ ਦੱਸਿਆ ਜਾ ਰਿਹਾ ਹੈ। ਇਸ ਦੇ ਡਿੱਗਣ ਕਾਰਨ ਖੇਤ ਵਿੱਚ ਕਰੀਬ 18 ਫੁੱਟ ਡੂੰਘਾ ਟੋਆ ਹੋ ਗਿਆ। ਇਸ ਦੇ ਨਾਲ ਕਿਸਾਨ ਦੀ ਫਸਲ ਬਰਬਾਦ ਹੋ ਗਈ।


ਕਿਸਾਨ ਇੰਦਰਜੀਤ ਬਿਸ਼ਨੋਈ ਨੇ ਦੱਸਿਆ ਕਿ ਫੌਜ ਵੱਲੋਂ ਮੂੰਗੀ ਤੇ ਕਣਕ ਦੀ ਖੜ੍ਹੀ ਫ਼ਸਲ ਨੂੰ ਬਰਬਾਦ ਕਰ ਕੇ ਸਾਮਾਨ ਕੱਢਿਆ ਗਿਆ ਹੈ। ਇਸ ਕਾਰਨ ਖ਼ਰਾਬ ਹੋਈ ਉਸ ਦੀ ਕਰੀਬ ਚਾਰ ਏਕੜ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਏ। ਐਸਡੀਐਮ ਅਭੈ ਸਿੰਘ ਜਾਂਗੜਾ ਨੇ ਜਹਾਜ਼ ਵਿੱਚੋਂ ਸਾਮਾਨ ਡਿੱਗਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਣਕਾਰੀ ਮਿਲੀ ਸੀ। ਐਸਡੀਐਮ ਨੇ ਦੱਸਿਆ ਕਿ ਏਅਰਫੋਰਸ ਦੇ ਅਧਿਕਾਰੀਆਂ ਨੇ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ।



ਹਾਸਲ ਜਾਣਕਾਰੀ ਮੁਤਾਬਕ ਡੰਮੀ ਟੈਂਕ ਦਾ ਵਜ਼ਨ ਕਰੀਬ ਛੇ ਕੁਇੰਟਲ ਦੱਸਿਆ ਜਾ ਰਿਹਾ ਹੈ। ਇਸ ਦੀ ਭਾਲ ਵਿੱਚ ਏਅਰ ਫੋਰਸ ਦੇ ਹੈਲੀਕਾਪਟਰ ਨੂੰ ਪਿੰਡ ਸਕਤਾਖੇੜਾ ਵਿੱਚ ਐਮਰਜੈਂਸੀ ਹਾਲਤ ’ਚ ਉਤਾਰਿਆ ਗਿਆ। ਸੂਤਰਾਂ ਮੁਤਾਬਕ ਜੈਗੁਆਰ ਜਹਾਜ਼ ਸਿਰਸਾ ਏਅਰ ਫੋਰਸ ਸਟੇਸ਼ਨ ਤੋਂ ਬਠਿੰਡਾ ਜਾ ਰਿਹਾ ਸੀ। ਉਡਾਣ ਦੌਰਾਨ ਜਹਾਜ਼ ਦੇ ਸਿਸਟਮ ਵੱਲੋਂ ਵਜ਼ਨ ਵੱਧ ਹੋਣ ਦਾ ਸੰਕੇਤ ਦਿੱਤਾ ਗਿਆ। ਇਸ ਦੇ ਮੱਦੇਨਜ਼ਰ ਭਾਰੀ ਵਸਤੂ ਨੂੰ ਖੇਤਾਂ ਵਿੱਚ ਸੁੱਟ ਕੇ ਏਅਰ ਫੋਰਸ ਸਟੇਸ਼ਟ ਸਿਰਸਾ ਨੂੰ ਸੂਚਿਤ ਕਰ ਦਿੱਤਾ ਗਿਆ। ਖ਼ੁਸ਼ਕਿਸਮਤੀ ਨਾਲ ਘਟਨਾ ਸਮੇਂ ਖੇਤ ਵਿੱਚ ਕੋਈ ਮੌਜੂਦ ਨਹੀਂ ਸੀ। 



ਹਾਸਲ ਜਾਣਕਾਰੀ ਮੁਤਾਬਕ ਖੇਤ ਵਿੱਚ ਡਿੱਗੇ ਡੰਮੀ ਟੈਂਕ ਦੀ ਸੂਚਨਾ ਪੁੱਜਣ ’ਤੇ ਸਥਾਨਕ ਪੁਲਿਸ ਤੇ ਸਿਵਲ ਪ੍ਰਸ਼ਾਸਨ ਚੌਕਸ ਹੋ ਗਿਆ। ਏਅਰ ਫੋਰਸ ਸਟੇਸ਼ਨ ਸਿਰਸਾ ਦੇ ਕਈ ਅਧਿਕਾਰੀ ਹਵਾਈ ਰਸਤੇ ਤੇ ਜ਼ਮੀਨ ਪੱਧਰ ’ਤੇ ਉਸ ਦੀ ਲੋਕੇਸ਼ਨ ਖੰਗਾਲਣ ਵਿੱਚ ਜੁਟੇ ਰਹੇ। ਬਾਅਦ ’ਚ ਡੰਮੀ ਟੈਂਕ ਦੀ ਲੋਕੇਸ਼ਨ ਕਿਸਾਨ ਇੰਦਰਜੀਤ ਬਿਸ਼ਨੋਈ ਦੇ ਖੇਤ ਵਿੱਚ ਟ੍ਰੇਸ ਹੋਈ। ਕਰੀਬ ਤਿੰਨ ਘੰਟੇ ਦੀ ਮਸ਼ੱਕਤ ਮਗਰੋਂ ਜੇਸੀਬੀ ਜ਼ਰੀਏ ਡੰਮੀ ਟੈਂਕ ਨੂੰ ਜ਼ਮੀਨ ਤੋਂ ਬਾਹਰ ਕਢਵਾਇਆ ਗਿਆ ਜਿਸ ਦੇ ਕਈ ਟੁਕੜੇ ਹੋ ਚੁੱਕੇ ਸਨ।