Chandigarh Mayor Election: ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਚੰਡੀਗੜ੍ਹ ਨਿਗਮ ਚੋਣਾਂ ਵਿੱਚ I.N.D.I.A ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਦੇ ਕੁਲਜੀਤ ਸੰਧੂ ਨੂੰ 19 ਵੋਟਾਂ ਮਿਲੀਆਂ, ਜਦਕਿ ਆਪ-ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੈਵੀ ਨੂੰ 16 ਵੋਟਾਂ ਮਿਲੀਆਂ। ਹੁਣ ਡਿਪਟੀ ਮੇਅਰ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇਸ ਚੋਣ ਲਈ ਮੇਅਰ ਕੁਲਦੀਪ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਹੈ। ਕੁਲਦੀਪ ਕੁਮਾਰ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਹਨ, ਪਰ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਚੋਣ ਅਧਿਕਾਰੀ ਅਨਿਲ ਮਸੀਹ ਨੇ ਭਾਜਪਾ ਦੇ ਮਨੋਜ ਸੋਨਕਰ ਨੂੰ 8 ਵੋਟਾਂ ਰੱਦ ਕਰਕੇ ਮੇਅਰ ਬਣਾਇਆ ਸੀ। ਫਿਰ ਜਦੋਂ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
ਮੇਅਰ ਚੋਣਾਂ ਵੇਲੇ 'ਆਪ'-ਕਾਂਗਰਸ I.N.D.I.A ਗਠਜੋੜ ਕੋਲ ਬਹੁਮਤ ਸੀ। ਉਨ੍ਹਾਂ ਦੀਆਂ 20 ਵੋਟਾਂ ਸਨ, ਜਦਕਿ ਭਾਜਪਾ ਦੇ ਸੰਸਦ ਮੈਂਬਰ ਤੇ ਅਕਾਲੀ ਦਲ ਦੀਆਂ ਮਿਲ ਕੇ 16 ਵੋਟਾਂ ਸਨ ਪਰ ਮੇਅਰ ਚੋਣ ਤੋਂ ਬਾਅਦ 3 ਕੌਂਸਲਰ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਹੁਣ ਭਾਜਪਾ ਕੋਲ 17 ਕੌਂਸਲਰ, ਇੱਕ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਇੱਕ ਕੌਂਸਲਰ ਸਮੇਤ 19 ਵੋਟਾਂ ਹਨ।
ਇਸ ਦੇ ਨਾਲ ਹੀ 'ਆਪ'-ਕਾਂਗਰਸ ਕੋਲ ਹੁਣ ਸਿਰਫ਼ 17 ਵੋਟਾਂ ਬਚੀਆਂ ਹਨ, ਜਿਨ੍ਹਾਂ 'ਚ 'ਆਪ' ਦੀਆਂ 10 ਤੇ ਕਾਂਗਰਸ ਦੀਆਂ 7 ਵੋਟਾਂ ਹਨ। ਗਠਜੋੜ ਦੇ ਸਮਝੌਤੇ ਅਨੁਸਾਰ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਨੂੰ ਦਿੱਤੇ ਸਨ। ਚੰਡੀਗੜ੍ਹ ਵਿੱਚ ਮੇਅਰ ਚੋਣਾਂ ਤੋਂ ਬਾਅਦ I.N.D.I.A ਤੇ ਭਾਜਪਾ ਵਿਚਾਲੇ ਇਹ ਦੂਜਾ ਸਿੱਧਾ ਮੁਕਾਬਲਾ ਸੀ ਜਿਸ ਵਿੱਚ ਮੌਜੂਦਾ ਸਮੇਂ ਵਿੱਚ ਕੌਂਸਲਰਾਂ ਦੀ ਪਾਰਟੀ ਬਦਲਣ ਕਾਰਨ ਭਾਜਪਾ ਬਹੁਮਤ ਵਿੱਚ ਹੈ ਤੇ I.N.D.I.A ਕੋਲ ਘੱਟ ਵੋਟਾਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।