ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਜਿਸ ਐਨੀਮਲ ਕਾਰਕਸ ਇੰਸੀਨੇਰੇਸ਼ਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ, ਉਹ ਸਿਰਫ਼ ਚਾਰ ਮਹੀਨੇ ਬਾਅਦ ਹੀ ਬੰਦ ਹੋ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪਿਛਲੇ ਸੱਤ ਦਿਨਾਂ ਤੋਂ ਇੱਥੇ ਆਸ-ਪਾਸ ਦੇ ਇਲਾਕਿਆਂ ਤੋਂ ਆਈਆਂ ਲਗਭਗ 50 ਮਰੀਆਂ ਗਊਆਂ ਦਾ ਸੰਸਕਾਰ ਨਹੀਂ ਹੋ ਸਕਿਆ।

Continues below advertisement

ਕਾਰਕਸ ਪਲਾਂਟ ਦੇ ਬਰਾਮਦੇ ਵਿੱਚ ਮਰੀਆਂ ਗਊਆਂ ਦੇ ਸ਼ਵ ਲਾਵਾਰਿਸ ਪਏ ਦੇਖ ਕੇ ਮੌਕੇ ‘ਤੇ ਪਹੁੰਚੇ ਸਮਾਜ ਸੇਵੀਆਂ ਨੇ ਖੂਬ ਹੰਗਾਮਾ ਕੀਤਾ। ਇਸ ਤੋਂ ਬਾਅਦ ਸੁੱਤਾ ਹੋਇਆ ਪ੍ਰਸ਼ਾਸਨ ਜਾਗਿਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਮੌਕੇ ‘ਤੇ ਪਹੁੰਚੇ।

ਪੂਰਾ ਦਿਨ ਲੰਘ ਜਾਣ ਤੋਂ ਬਾਅਦ ਵੀ ਕਈ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬਾਂ ਲਈ ਹੁਣ ਜਾਂਚ ਕਮੇਟੀ ਬਣਾਈ ਗਈ ਹੈ। ਪ੍ਰਸ਼ਾਸਨ ਇਹ ਪਤਾ ਲਗਾਉਣ ਲਈ ਕਿ ਗਊ ਦੀ ਮੌਤ ਕਿਵੇਂ ਹੋਈ, ਉਸਦਾ ਪੋਸਟਮਾਰਟਮ ਕਰਵਾਏਗਾ ਅਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ।

Continues below advertisement

ਇਹ ਵਾਲੇ ਮੁਲਾਜ਼ਮਾਂ 'ਤੇ ਡਿੱਗ ਸਕਦੀ ਗਾਜ਼

ਫਿਲਹਾਲ, ਦੇਰ ਰਾਤ ਤੱਕ ਮਖਣਮਾਜਰਾ ਦੀ ਗੌਸ਼ਾਲਾ ਅਤੇ ਕਾਰਕਸ ਪਲਾਂਟ ਵਿੱਚ ਕੰਮ ਕਰ ਰਹੇ 23 ਤੋਂ 25 ਕਰਮਚਾਰੀਆਂ ਨੂੰ ਸਸਪੈਂਡ ਕਰਨ ਦੀ ਕਾਰਵਾਈ ਹੋਣ ਦਾ ਦਾਅਵਾ ਮੇਅਰ ਹਰਪ੍ਰੀਤ ਕੌਰ ਬਬਲਾ ਵੱਲੋਂ ਕੀਤਾ ਗਿਆ ਹੈ। ਹਾਲਾਂਕਿ, ਇਸ ਸਬੰਧੀ ਹਜੇ ਤੱਕ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਗਏ ਹਨ।

ਮਸ਼ੀਨ ਖ਼ਰਾਬ ਹੋਈ, ਮੁੰਬਈ ਤੋਂ ਪਾਰਟ ਦੀ ਉਡੀਕ ਕਰਦੇ ਰਹੇ ਅਧਿਕਾਰੀ

ਵਿਭਾਗੀ ਸੂਤਰਾਂ ਮੁਤਾਬਕ ਮਸ਼ੀਨ ਵਿੱਚ 300 ਕਿਲੋ ਤੱਕ ਦੇ ਪਸ਼ੂ ਦਾ ਸ਼ਵ ਰੱਖ ਕੇ ਉਸਨੂੰ ਸਾੜਿਆ ਜਾ ਸਕਦਾ ਹੈ। ਪਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵੱਡੇ ਪਸ਼ੂ ਦਾ ਸ਼ਵ ਰੱਖਣ ਕਾਰਨ ਮਸ਼ੀਨ ਦੀਆਂ ਪਲੇਟਾਂ ਟੁੱਟ ਗਈਆਂ, ਜੋ ਕਿ ਸਿਰਫ਼ ਮੁੰਬਈ ਤੋਂ ਹੀ ਮਿਲਦੀਆਂ ਹਨ।

ਸਵਾਲ ਇਹ ਉਠ ਰਿਹਾ ਹੈ ਕਿ ਜਦੋਂ ਪਿਛਲੇ ਸੱਤ ਦਿਨਾਂ ਤੋਂ ਮਸ਼ੀਨ ਬੰਦ ਸੀ, ਤਾਂ ਅਧਿਕਾਰੀ ਆਖ਼ਰ ਕਿਸ ਗੱਲ ਦੀ ਉਡੀਕ ਕਰ ਰਹੇ ਸਨ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਪਲੇਟਾਂ ਮੁੰਬਈ ਤੋਂ ਹਵਾਈ ਰਾਹੀਂ ਮੰਗਵਾਈਆਂ ਜਾ ਰਹੀਆਂ ਹਨ, ਪਰ ਫਿਰ ਇਹ ਪ੍ਰਬੰਧ ਪਹਿਲਾਂ ਕਿਉਂ ਨਹੀਂ ਕੀਤਾ ਗਿਆ, ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।

ਮਖਣਮਾਜਰਾ ਦੀ ਗੌਸ਼ਾਲਾ ਦੇ ਪ੍ਰਬੰਧ ‘ਤੇ ਵੀ ਸਵਾਲ

ਕਾਰਕਸ ਪਲਾਂਟ ਦੇ ਨਾਲ-ਨਾਲ ਹੁਣ ਮਖਣਮਾਜਰਾ ਦੀ ਗੌਸ਼ਾਲਾ ਦੇ ਪ੍ਰਬੰਧਾਂ ‘ਤੇ ਵੀ ਗੰਭੀਰ ਸਵਾਲ ਖੜੇ ਹੋ ਰਹੇ ਹਨ। ਜਦੋਂ ਸਮਾਜ ਸੇਵੀ ਮੌਕੇ ‘ਤੇ ਪਹੁੰਚੇ ਤਾਂ ਸਾਹਮਣੇ ਆਇਆ ਕਿ ਮਖਣਮਾਜਰਾ ਦੀ ਗੌਸ਼ਾਲਾ ਵਿੱਚ ਗਊਆਂ ਨੂੰ ਰੱਖਣ ਦੇ ਪ੍ਰਬੰਧ ਢੰਗ ਦੇ ਨਹੀਂ ਸਨ। ਇੱਥੇ ਦਰਜ 800 ਗਊਆਂ ਵਿੱਚੋਂ ਲਗਭਗ 400 ਗਾਇਬ ਮਿਲੀਆਂ।

ਬਾਕੀ ਰਹਿ ਗਈਆਂ ਗਊਆਂ ਗੋਬਰ ਦੇ ਢੇਰਾਂ ਵਿਚਕਾਰ ਪਈਆਂ ਸਨ ਅਤੇ ਠੰਢ ਨਾਲ ਕੰਬ ਰਹੀਆਂ ਸਨ। ਕੁਝ ਗਊਆਂ ਤਾਂ ਸਮਾਜ ਸੇਵੀਆਂ ਦੇ ਸਾਹਮਣੇ ਹੀ ਦਮ ਤੋੜ ਗਈਆਂ। ਹੁਣ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕਿਤੇ ਇਹ ਗਊਆਂ ਇਸੇ ਗੌਸ਼ਾਲਾ ਵਿੱਚ ਹੀ ਤਾਂ ਨਹੀਂ ਮਰੀਆਂ। ਇਸ ਸਬੰਧੀ ਪੂਰੀ ਜਾਂਚ ਦੀ ਮੰਗ ਸਮਾਜ ਸੇਵੀਆਂ ਵੱਲੋਂ ਕੀਤੀ ਜਾ ਰਹੀ ਹੈ।

ਗਊਆਂ ਦੀ ਮੌਤ ਦੇ ਕਾਰਨਾਂ ਅਤੇ ਇੰਨੇ ਸਾਰੇ ਸ਼ਵ ਕਿੱਥੋਂ ਆਏ — ਹੋਵੇਗੀ ਜਾਂਚ

ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਹੈ ਕਿ ਕਾਰਕਸ ਪਲਾਂਟ ਦੀ ਮਸ਼ੀਨ ਕਿੰਨੇ ਸਮੇਂ ਤੋਂ ਖਰਾਬ ਸੀ, ਕਿਉਂ ਖਰਾਬ ਹੋਈ ਅਤੇ ਸਮੇਂ ‘ਤੇ ਠੀਕ ਕਿਉਂ ਨਹੀਂ ਕਰਵਾਈ ਗਈ, ਇਹ ਸਾਰੇ ਮਾਮਲੇ ਜਾਂਚ ਦੇ ਵਿਸ਼ੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਵੀ ਜਾਂਚ ਕਰਵਾਈ ਜਾ ਰਹੀ ਹੈ ਕਿ ਇਹ ਗਊਆਂ ਕਿਵੇਂ ਅਤੇ ਕਿੱਥੇ ਮਰੀਆਂ।

ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗਊਆਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮੌਤ ਦੇ ਕਾਰਨ ਸਪੱਸ਼ਟ ਹੋਣ ਤੋਂ ਬਾਅਦ ਹੀ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਦੀ ਕਾਰਗੁਜ਼ਾਰੀ ਦੀ ਵੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।