Chandigarh News: ਬੇਸ਼ੱਕ ਮਹਿੰਗਾਈ ਅਸਮਾਨ ਛੂਹ ਰਹੀ ਹੈ ਪਰ ਲੋਕ ਕਾਰਾਂ ਖਰੀਦਣ ਤੋਂ ਭੋਰਾ ਵੀ ਨਹੀਂ ਝਿਜਕ ਰਹੇ। ਇਸ ਦੀ ਮਿਸਾਲ ਚੰਡੀਗੜ੍ਹ ਵਿੱਚ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਸਾਲ 2022 ਦੌਰਾਨ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਤੋਂ 204 ਕਰੋੜ 30 ਲੱਖ ਰੁਪਏ ਕਮਾਈ ਹੋਈ ਹੈ। ਇਹ ਅੰਕੜਾ ਸਾਲ 2021 ਤੋਂ ਕਿਤੇ ਵੱਧ ਹੈ। ਸਾਲ 2021 ਵਿੱਚ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਤੋਂ 149 ਕਰੋੜ 80 ਲੱਖ ਰੁਪਏ ਕਮਾਈ ਹੋਈ ਸੀ। 


ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਨੇ ਵਾਹਨਾਂ ਦੀ ਰਜਿਸਟਰੇਸ਼ਨ ਤੇ ਨੰਬਰਾਂ ਤੋਂ ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਰਿਕਾਰਡ ਕਮਾਈ ਕੀਤੀ ਹੈ। ਮਹਿਕਮੇ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਸਕੱਤਰ ਟ੍ਰਾਂਸਪੋਰਟ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਆਰਐਲਏ ਨੂੰ ਨਵੇਂ ਵਾਹਨਾਂ ਦੇ ਟੈਕਸ, ਪੁਰਾਣੇ ਰਜਿਸਟ੍ਰੇਸ਼ਨ ਨੰਬਰਾਂ ਨੂੰ ਬਰਕਰਾਰ ਰੱਖਣਾ, ਫੈਂਸੀ ਜਾਂ ਮਨਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਤੋਂ ਪਿਛਲੇ ਸਾਲ 2021 (1 ਜਨਵਰੀ 2021 ਤੋਂ 31  ਦਸੰਬਰ 2021) ਦੇ ਮੁਕਾਬਲੇ  ਸਾਲ 2022 (1 ਜਨਵਰੀ 2022 ਤੋਂ 31 ਦਸੰਬਰ 2022) ਦੀ ਕਮਾਈ ਵਿੱਚ ਵਾਧਾ ਹੋਇਆ ਹੈ। 


ਆਰਐਲਏ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਸਾਲ 2021 ਵਿੱਚ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਦੀ ਕਮਾਈ 149 ਕਰੋੜ 80 ਲੱਖ ਰੁਪਏ ਦੇ ਮੁਕਾਬਲੇ ਸਾਲ 2022 ਵਿੱਚ 204 ਕਰੋੜ 30 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ ਹੈ, ਜੋ 36 ਫੀਸਦ ਵੱਧ ਬੈਠਦਾ ਹੈ। ਇਸੇ ਤਰ੍ਹਾਂ ਪੁਰਾਣੇ ਰਜਿਸਟ੍ਰੇਸ਼ਨ ਨੰਬਰਾਂ ਨੂੰ ਬਰਕਰਾਰ ਰੱਖਣ ਦੀ ਫੀਸ ਵਜੋਂ ਮਹਿਕਮੇ ਨੂੰ ਸਾਲ 2021 ਵਿੱਚ ਹੋਈ ਕਮਾਈ 29 ਲੱਖ ਰੁਪਏ ਦੇ ਮੁਕਾਬਲੇ 2022 ਵਿੱਚ 40 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ ਹੈ, ਜੋ 38 ਫ਼ੀਸਦ ਵੱਧ ਬੈਠਦਾ ਹੈ। 


ਇਸ ਦੇ ਨਾਲ ਹੀ ਮਹਿਕਮੇ ਨੂੰ ਫੈਂਸੀ ਜਾਂ ਮਨਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਤੋਂ ਸਾਲ 2021 ਵਿੱਚ 7 ਕਰੋੜ 72 ਲੱਖ ਰੁਪਏ ਦੇ ਮੁਕਾਬਲੇ ਸਾਲ 2022 ਵਿੱਚ 12 ਕਰੋੜ 84 ਲੱਖ ਰੁਪਏ ਦੀ ਕਮਾਈ ਹੋਈ ਹੈ, ਜੋ ਕਿ 66 ਫ਼ੀਸਦ ਵੱਧ ਬੈਠਦੀ ਹੈ। 


ਆਰਐਲਏ ਦਫ਼ਤਰ ਦੇ ਕੰਮਕਾਜ ਦੀ ਸਮੀਖਿਆ ਦੌਰਾਨ ਸਕੱਤਰ ਟਰਾਂਸਪੋਰਟ ਨਿਤਿਨ ਕੁਮਾਰ ਯਾਦਵ ਅਤੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਆਰਐਲਏ ਦਫ਼ਤਰ ਦੇ ਮਾਲੀਆ ਉਗਰਾਹੀ ਦੇ ਅੰਕੜਿਆਂ ਵਿੱਚ ਵਾਧੇ ਦੀ ਸ਼ਲਾਘਾ ਕੀਤੀ। ਆਰਐਲਏ ਅਧਿਕਾਰੀ ਪ੍ਰਦੁਮਣ ਸਿੰਘ ਨੇ ਆਰਐਲਏ ਦਫ਼ਤਰ ਨਾਲ ਬਿਨਾਂ ਕਿਸੇ ਮੁਸ਼ਕਲ ਦੇ ਲੈਣ-ਦੇਣ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਦੇ ਵਸਨੀਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਆਨਲਾਈਨ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।