Chandigarh Mayor: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਭਾਜਪਾ ਨੇ ਆਪਣਾ ਖੇਮਾ ਮਜਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ, ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਤਿੰਨ ਪਾਰਸ਼ਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਤੋਂ ਬਾਅਦ ਇਸ ਨੂੰ INDIA ਖੇਮੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।


ਜਾਣਕਾਰੀ ਮੁਤਾਬਕ, ਆਮ ਆਦਮੀ ਪਾਰਟੀ ਦੇ ਤਿੰਨ ਪਾਰਸ਼ਦ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਹਨ ਤੇ ਕਿਸੇ ਵੀ ਵੇਲੇ ਇਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆ ਸਕਦੀ ਹੈ। ਇਸ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਵਿੱਚ ਸਿਆਸੀ ਹਲਾਤ ਪੂਰੀ ਤਰ੍ਹਾਂ ਨਾਲ ਬਦਲ ਜਾਣਗੇ। ਜੇ ਸੁਪਰੀਮ ਕੋਰਟ ਮੁੜ ਤੋਂ ਚੋਣ ਕਰਵਾਉਣ ਦਾ ਫ਼ੈਸਲਾ ਦਿੰਦੀ ਹੈ ਤਾਂ ਵੀ ਭਾਜਪਾ ਬਹੁਮਤ ਦਿਖਾ ਕੇ ਮੁੜ ਚੰਡੀਗੜ੍ਹ ਦੀ ਸੱਤਾ ਵਿੱਚ ਆ ਜਾਵੇਗੀ।


ਜ਼ਿਕਰ ਕਰ ਦਈਏ ਕਿ 30 ਜਨਵਰੀ ਨੂੰ ਮੇਅਰ ਦੀਆਂ ਚੋਣਾਂ ਹੋਈਆਂ ਸੀ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇੰਡੀਆ ਗੱਠਜੋੜ ਦੈ ਬੈਨਰ ਹੇਠ ਚੋਣਾਂ ਲੜੀਆਂਸੀ। ਇਨ੍ਹਾਂ ਵੋਟਾਂ ਵਿੱਚ 16 ਵੋਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋ ਗਈ ਸੀ ਜਿਸ ਦਾ ਕਾਰਨ ਕਾਂਗਰਸ ਤੇ ਆਪ ਦੇ 8 ਕੌਂਸਲਰਾਂ ਦੀਆਂ ਵੋਟਾਂ ਰੱਦ ਕਰਨਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਇੰਡੀਆ ਗੱਠਜੋੜ ਵੱਲੋਂ ਧਾਂਦਲੀ ਦੇ ਇਲਜ਼ਾਮ ਲਾਏ ਗਏ ਸੀ। ਇਸ ਦੌਰਾਨ ਅਫ਼ਸਰ ਦੀ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ ਵਿੱਚ ਉਹ ਕਥਿਤ ਤੌਰ ਉੱਤੇ ਵੋਟਾਂ ਨਾਲ ਧਾਂਦਲੀ ਕਰਦਾ ਸਾਫ਼ ਨਜ਼ਰ ਆ ਰਿਹਾ ਹੈ।


ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਤਿੰਨ ਜੱਜਾਂ ਨੇ ਮਾਮਲੇ ਦੀ ਸੁਣਵਾਈ ਕੀਤੀ। ਚੀਫ਼ ਜਸਟਿਸ ਨੇ ਪ੍ਰਧਾਨਗੀ ਦਫ਼ਤਰ ਦੀ ਵੀਡੀਓ ਵੀ ਦੇਖੀ ਜਿਸ ਵਿੱਚ ਉਹ ਕਥਿਤ ਤੌਰ ’ਤੇ ਵੋਟਾਂ ਰੱਦ ਕਰ ਰਹੇ ਹਨ। ਸੀਜੇਆਈ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਜੋ ਹੋਇਆ ਉਸ ਤੋਂ ਅਸੀਂ ਹੈਰਾਨ ਹਾਂ। ਸੀਜੇਆਈ ਨੇ ਕਿਹਾ ਕਿ ਅਸੀਂ ਲੋਕਤੰਤਰ ਦੀ ਇਸ ਤਰ੍ਹਾਂ ਹੱਤਿਆ ਦੀ ਇਜਾਜ਼ਤ ਨਹੀਂ ਦੇ ਸਕਦੇ। ਸੀਜੇਆਈ ਨੇ ਚੋਣਾਂ ਦੀ ਪੂਰੀ ਵੀਡੀਓ ਪੇਸ਼ ਕਰਨ ਲਈ ਕਿਹਾ ਹੈ ਅਤੇ ਨੋਟਿਸ ਵੀ ਜਾਰੀ ਕੀਤਾ ਹੈ।