Chandigarh News: ਡੇਰਾਬੱਸੀ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਕੈਂਟਰ ਨੇ ਦੋ ਪੁਲਿਸ ਵਾਲਿਆਂ ਨੂੰ ਦਰੜ ਦਿੱਤਾ। ਦੋਵਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਰਵਾਲਾ ਰੋਡ ’ਤੇ ਲੰਘੀ ਰਾਤ ਕਰੀਬ ਡੇਢ ਵਜੇ ਵਾਪਰਿਆ। ਇੱਥੇ ਕਾਰ ਨੂੰ ਟੱਕਰ ਮਾਰ ਕੇ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਮੋਟਰਸਾਈਕਲ ’ਤੇ ਗਸ਼ਤ ਕਰ ਰਹੇ ਹੋਮਗਾਰਡ ਦੋ ਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ 53 ਸਾਲਾ ਹਰੀ ਸਿੰਘ ਵਾਸੀ ਪਿੰਡ ਭਾਂਖਰਪੁਰ ਤੇ ਜਸਮੇਰ ਸਿੰਘ ਦੇ ਰੂਪ ਵਿੱਚ ਹੋਈ ਹੈ। ਦੋਵੇਂ ਹੋਮਗਾਰਡ ਡੇਰਾਬੱਸੀ ਵਿਖੇ ਤਾਇਨਾਤ ਸਨ। ਦੋਵੇਂ ਹੋਮਗਾਰਡ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਰਵਾਲਾ ਰੋਡ ’ਤੇ ਗਸ਼ਤ ਕਰ ਰਹੇ ਸੀ। ਬਰਵਾਲਾ ਵਲੋਂ ਤੇਜ਼ ਰਫ਼ਤਾਰ ਕੈਂਟਰ ਕਾਰ ਨੂੰ ਫੇਟ ਮਾਰ ਕੇ ਤੇਜ਼ੀ ਨਾਲ ਆ ਰਿਹਾ ਸੀ ਤੇ ਕਾਰ ਚਾਲਕ ਉਸ ਦਾ ਪਿੱਛਾ ਕਰ ਰਿਹਾ ਸੀ।
ਡੇਰਾਬੱਸੀ ਕੈਂਟਰ ਯੂਨੀਅਨ ਦੇ ਸਾਹਮਣੇ ਪਹੁੰਚ ਕੇ ਕੈਂਟਰ ਨੂੰ ਗਲਤ ਪਾਸੇ ਚਲਾ ਗਿਆ, ਜਿਸ ਕਾਰਨ ਸਾਹਮਣੇ ਤੋਂ ਆ ਰਹੇ ਦੋਵੇਂ ਹੋਮਗਾਰਡ ਉਸ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਾਦਸੇ ਮਗਰੋਂ ਕੈਂਟਰ ਚੰਡੀਗੜ੍ਹ ਵੱਲ ਭੱਜ ਫਰਾਰ ਹੋ ਗਿਆ। ਪੁਲਿਸ ਨੇ ਚੰਡੀਗੜ੍ਹ ਪੁਲੀਸ ਨੂੰ ਸੂਚਨਾ ਦੇ ਕੇ ਕੈਂਟਰ ਚਾਲਕ ਨੂੰ ਕਾਬੂ ਕਰ ਡੇਰਾਬੱਸੀ ਲਿਆਂਦਾ। ਏਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।