Punjab News: ਆਮ ਆਦਮੀ ਪਾਰਟੀ (ਆਪ) ਨੇ ਹਿਡਨਬਰਗ ਰਿਪੋਰਟ ਦੁਆਰਾ ਪਰਦਾਫਾਸ਼ ਕੀਤੇ ਅਡਾਨੀ ਦੇ ਘੋਟਾਲਿਆਂ ਸੰਬੰਧੀ ਮੋਦੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ ਕਰਾਰ ਦਿੱਤਾ।
ਆਪ ਆਗੂਆਂ 'ਤੇ ਵੱਜੀਆਂ ਪਾਣੀ ਦੀਆਂ ਬੁਝਾੜਾਂ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਅਹੁਦੇਦਾਰਾਂ ਨੇ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਮੋਦੀ ਸਰਕਾਰ ਅਤੇ ਅਡਾਨੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀ-ਚਾਰਜ ਕੀਤਾ, ਜਿਸ ਵਿੱਚ ਕਈ ਮਹਿਲਾਵਾਂ ਸਮੇਤ ਕਈ ਪਾਰਟੀ ਅਹੁਦੇਦਾਰ ਗੰਭੀਰ ਜ਼ਖ਼ਮੀ ਹੋ ਗਏ। ਉਥੇ ਹੀ ਚੰਡੀਗੜ੍ਹ ਪੁਲਿਸ ਨੇ ਆਪਣੀ ਆਵਾਜ ਬੁਲੰਦ ਕਰ ਰਹੇ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ। 'ਆਪ' ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਅਤੇ ਉਹ ਲੋਕ ਹਿੱਤ ਲਈ ਪੂੰਜੀਪਤੀਆਂ ਦੀ ਸਕੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਰਹਿਣਗੇ।
ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ
ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਮੋਦੀ-ਅਡਾਨੀ ਘੁਟਾਲਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ। ਮੋਦੀ ਸਰਕਾਰ ਤੋਂ ਪਹਿਲਾਂ 2014 ਵਿੱਚ ਅਡਾਨੀ ਦੀ ਜਾਇਦਾਦ 37000 ਕਰੋੜ ਸੀ ਅਤੇ 2018 ਵਿੱਚ 59000 ਕਰੋੜ ਸੀ। 2020 'ਚ ਉਹੀ ਜਾਇਦਾਦ ਵਧ ਕੇ ਢਾਈ ਲੱਖ ਕਰੋੜ ਦੀ ਹੋ ਗਈ ਅਤੇ 2022 ਵਿੱਚ ਇਹ 13 ਲੱਖ ਕਰੋੜ ਹੋ ਗਈ। ਮੋਦੀ ਸਰਕਾਰ ਦੀਆਂ ਪੂੰਜੀਵਾਦੀ ਪੱਖੀ ਨੀਤੀਆਂ ਸਦਕਾ 2014 'ਚ 609ਵੇਂ ਤੋਂ ਛਾਲ ਲਗਾ ਕੇ ਅਡਾਨੀ 2022 ਵਿੱਚ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ।
ਸਭ ਕੁਝ ਕੀਤਾ ਅਡਾਨੀ ਦੇ ਹਵਾਲੇ
ਉਨ੍ਹਾਂ ਕਿਹਾ ਕਿ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਦੇਸ਼ ਦੀ ਆਰਥਿਕਤਾ ਮਾੜੇ ਹਲਾਤਾਂ ਅਤੇ ਆਮ ਲੋਕ ਬੇਰੁਜ਼ਗਾਰੀ ਆਦਿ ਨਾਲ ਜੂਝ ਰਹੇ ਹਨ ਉੱਥੇ ਹੀ ਇੱਕ ਵਿਅਕਤੀ ਨੂੰ ਸਾਰੇ ਸਾਧਨ ਦੇ ਕੇ ਮੋਦੀ ਜੀ ਨੇ ਉਸਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾ ਦਿੱਤਾ। ਮੋਦੀ ਜੀ ਨੇ ਅਡਾਨੀ ਨੂੰ ਦੇਸ਼ ਦਾ ਕੋਲਾ, ਗੈਸ, ਬਿਜਲੀ, ਪਾਣੀ, ਸੜਕ, ਸੀਮਿੰਟ, ਸਟੀਲ, ਹਵਾਈ ਅੱਡਾ, ਬੰਦਰਗਾਹ ਆਦਿ ਸਭ ਦੇ ਦਿੱਤਾ। ਮੋਦੀ ਸਰਕਾਰ ਕਾਰਨ ਹੀ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਉਨ੍ਹਾਂ ਨੂੰ ਬਿਜਲੀ ਦਾ ਠੇਕੇ, ਆਸਟ੍ਰੇਲੀਆ ਵਿੱਚ ਖਾਂਣਾਂ ਮਿਲੀਆਂ। ਜਦੋਂ ਆਸਟ੍ਰੇਲੀਆ ਦੇ ਪ੍ਰਾਈਵੇਟ ਬੈਂਕ ਉਨ੍ਹਾਂ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੋ ਰਹੇ ਸਨ ਤਾਂ ਉਨ੍ਹਾਂ ਨੇ ਐਸਬੀਆਈ ਤੋਂ 7.5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ। ਮੋਦੀ ਜੀ ਨੇ ਅਡਾਨੀ ਨੂੰ 2.5 ਲੱਖ ਕਰੋੜ ਦਾ ਕਰਜ਼ਾ ਦਿੱਤਾ। ਜਦਕਿ ਪੰਜਾਬ ਦੇ ਕਿਸਾਨਾਂ ਸਿਰ ਕੁੱਲ 96000 ਕਰੋੜ ਦਾ ਕਰਜ਼ਾ ਹੈ ਜਿਨ੍ਹਾਂ ਕਰਕੇ ਆਏ ਦਿਨ ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹੇ ਹਨ, ਉਹ ਕਰਜ਼ੇ ਮੋਦੀ ਸਰਕਾਰ ਨੇ ਮੁਆਫ਼ ਨਹੀਂ ਕੀਤੇ।