Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ 'ਚ ਰਿਟਰਨਿੰਗ ਅਫਸਰ ਉੱਤੇ ਲਾਏ ਗਏ ਧਾਂਦਲੀ ਦੇ ਦੋਸ਼ਾਂ 'ਤੇ ਸੁਪਰੀਮ ਕੋਰਟ ਨੇ ਸਖ਼ਤੀ ਵਰਤੀ ਹੈ। ਇਨ੍ਹਾਂ ਚੋਣਾਂ ਦੀ ਵੀਡੀਓ ਦੇਖਣ ਤੋਂ ਬਾਅਦ ਚੀਫ਼ ਜਸਟਿਸ ਨੇ ਕਿਹਾ- ਇੱਕ ਅਧਿਕਾਰੀ ਬੈਲਟ ਪੇਪਰ ਕਿਵੇਂ ਵਿਗਾੜ ਸਕਦਾ ਹੈ? ਉਸ 'ਤੇ ਅਜਿਹੀਆਂ ਕਾਰਵਾਈਆਂ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਇਹ ਲੋਕਤੰਤਰ ਦਾ ਕਤਲ ਹੈ। ਇਸ ਵਿਅਕਤੀ 'ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ 


ਸੀਜੇਆਈ ਨੇ ਕਿਹਾ ਕਿ ਅਦਾਲਤ ਪ੍ਰੀਜ਼ਾਈਡਿੰਗ ਅਫ਼ਸਰ ਦੇ ਵਿਵਹਾਰ ਨੂੰ ਦੇਖ ਕੇ 'ਭੈਭੀਤ' ਹੈ। ਸੀਜੇਆਈ ਨੇ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਉਹ ਕੈਮਰੇ ਵੱਲ ਦੇਖ ਕੇ ਭਗੌੜੇ ਦੀ ਤਰ੍ਹਾਂ ਕਿਉਂ ਭੱਜ ਰਿਹਾ ਹੈ? ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਨਵੀਆਂ ਚੋਣਾਂ ਕਰਵਾਈਆਂ ਜਾਣਗੀਆਂ। ਸੁਪਰੀਮ ਕੋਰਟ ਨੇ ਬੈਲਟ ਪੇਪਰ ਅਤੇ ਵੋਟਿੰਗ ਦੀ ਵੀਡੀਓ ਹਾਈ ਕੋਰਟ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ  ਅਗਲੇ ਹਫਤੇ ਫਿਰ ਹੋਵੇਗੀ।






ਇਸ ਤੋਂ ਬਾਅਦ ਅਦਾਲਤ ਨੇ ਨੋਟਿਸ ਜਾਰੀ ਕਰਦਿਆਂ ਚੰਡੀਗੜ੍ਹ ਨਗਰ ਨਿਗਮ ਦੀ 7 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰਨ ਦਾ ਹੁਕਮ ਦਿੱਤਾ ਹੈ। ਜ਼ਿਕਰ ਕਰ ਦਈਏ ਕਿ ਇਸ ਦਿਨ ਚੰਡੀਗੜ੍ਹ ਦਾ ਬਜਟ ਸੈਸ਼ਨ ਬੁਲਾਇਆ ਗਿਆ ਸੀ।


ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਮੇਅਰ ਚੋਣਾਂ 'ਚ ਕਾਂਗਰਸ ਅਤੇ 'ਆਪ' ਦੇ ਉਮੀਦਵਾਰ ਰਹੇ ਕੁਲਦੀਪ ਕੁਮਾਰ ਨੇ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰੀਜ਼ਾਈਡਿੰਗ ਅਫ਼ਸਰ ਨੇ ਚੋਣਾਂ ਵਿੱਚ ਬਦਨੀਤੀ ਨਾਲ ਕੰਮ ਕੀਤਾ ਹੈ ਇਸ ਕਾਰਨ ਉਨ੍ਹਾਂ ਦੀ ਹਾਰ ਹੋਈ ਹੈ। ਪਟੀਸ਼ਨ ਵਿੱਚ ਕੁਲਦੀਪ ਕੁਮਾਰ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਕੋਈ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਹੈ ਕਿ ਸੁਣਵਾਈ 3 ਹਫਤਿਆਂ ਬਾਅਦ ਹੋਵੇਗੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।