Chandigarh News: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ਨੀਵਾਰ ਨੂੰ ਮੁਹਾਲੀ ਸਥਿਤ ਖੇਤੀ ਭਵਨ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਦਫ਼ਤਰ ਦੀ ਕਾਰਜਸ਼ੈਲੀ ਤੇ ਮੁਲਾਜ਼ਮਾਂ ਦੀ ਹਾਜ਼ਰੀ ਬਾਰੇ ਪੜਤਾਲ ਕੀਤੀ। ਚੈਕਿੰਗ ਦੌਰਾਨ ਕਈ ਅਧਿਕਾਰੀ ਆਪਣੀਆਂ ਸੀਟਾਂ ’ਤੇ ਨਹੀਂ ਮਿਲੇ ਜਦੋਂਕਿ ਕਈ ਕਰਮਚਾਰੀ ਛੁੱਟੀ ’ਤੇ ਦੱਸੇ ਗਏ।


 







ਇਸ ਬਾਰੇ ਮੰਤਰੀ ਨੇ ਕਿਹਾ ਕਿ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ ’ਤੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜਿਹੜੇ ਕਰਮਚਾਰੀ ਸ਼ਾਮ ਨੂੰ 5 ਵਜੇ ਦੀ ਬਜਾਏ ਬਾਅਦ ਦੁਪਹਿਰ 3 ਵਜੇ ਹੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ, ਉਨ੍ਹਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਸੁਧਾਰ ਜਾਣ, ਨਹੀਂ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਧਾਲੀਵਾਲ ਨੇ ਖੇਤੀ ਭਵਨ ਦੇ ਇੱਕ-ਇੱਕ ਕਮਰੇ ਵਿੱਚ ਜਾ ਕੇ ਦਫ਼ਤਰੀ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ।


ਇਸ ਦੌਰਾਨ ਉਨ੍ਹਾਂ ਨੇ ਇਕ ਬ੍ਰਾਂਚ ਵਿੱਚ ਪਹੁੰਚ ਕੇ ਸੁਪਰਡੈਂਟ ਕੋਲੋਂ ਸਵਾਲ-ਜਵਾਬ ਵੀ ਕੀਤੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਬ੍ਰਾਂਚ ਵਿੱਚ ਕੁੱਲ 13 ਮੁਲਾਜ਼ਮ ਹਨ ਜਿਨ੍ਹਾਂ ’ਚੋਂ 6 ਮੌਕੇ ’ਤੇ ਮੌਜੂਦ ਨਹੀਂ ਸਨ। ਇੰਜ ਹੀ ਇੱਕ ਅਧਿਕਾਰੀ ਆਪਣੀ ਸੀਟ ’ਤੇ ਮੌਜੂਦ ਨਹੀਂ ਸੀ ਤੇ ਧਾਲੀਵਾਲ ਨੇ ਉਸ ਦਾ ਨਾਂ ਲਿਖ ਕੇ ਉਸ ਨੂੰ ਗ਼ੈਰ-ਹਾਜ਼ਰ ਮਾਰਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਵੱਲੋਂ ਗੈਰਹਾਜ਼ਰ ਕਰਮਚਾਰੀਆਂ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ ਇਹ ਮੁਲਾਜ਼ਮ ਛੁੱਟੀ ’ਤੇ ਹਨ।


ਉਨ੍ਹਾਂ ਫਿਰ ਪੁੱਛਿਆ ਕਿ ਇਨ੍ਹਾਂ ਦੀ ਛੁੱਟੀ ਕਿਸ ਨੇ ਮਨਜ਼ੂਰ ਕੀਤੀ ਹੈ, ਇਸ ਦੇ ਵੇਰਵੇ ਦਿੱਤੇ ਜਾਣ। ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਮੁਲਾਜ਼ਮ ਆਪਣੀ ਪੂਰੀ ਡਿਊਟੀ ਨਹੀਂ ਦਿੰਦੇ ਹਨ ਤੇ ਸ਼ਾਮ ਨੂੰ 5 ਵਜੇ ਦੀ ਥਾਂ 3 ਵਜੇ ਹੀ ਦਫ਼ਤਰ ਛੱਡ ਕੇ ਦੌੜ ਜਾਂਦੇ ਹਨ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।