SYL ਨਹਿਰ ਨੂੰ ਲੈ ਕੇ ਅੱਜ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅੱਜ ਅਕਾਲੀ ਦਲ ਦੇ ਲੀਡਰ ਤੇ ਵਰਕਰ ਚੰਡੀਗੜ੍ਹ ਮੁੱਖ ਦਫ਼ਤਰ ਇਕੱਠਾ ਹੋਣਗੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨਗੇ।
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ, ਸੁਪਰੀਮ ਕੋਰਟ ਵਿੱਚ SYL ਕੇਸ 'ਚ ਚੰਗੀ ਤਰ੍ਹਾਂ ਪੈਰਵਾਈ ਨਹੀਂ ਕਰ ਰਹੀ। ਇਸ ਸਬੰਧੀ ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਸਵਾਲ ਖੜ੍ਹੇ ਕੀਤੇ ਸਨ। ਉਹਨਾਂ ਲਿਖਿਆ ਸੀ ਕਿ - ''ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ #SYL ਦੇ ਪਾਣੀਆਂ ਦੇ ਮੁੱਦੇ ਉੱਤੇ ਦੁਬਾਰਾ ਨਹਿਰ ਖੁਦਵਾਉਣ ਅਤੇ ਪਾਣੀ ਦੀ ਪੈਮਾਇਸ਼ ਕਰਵਾਉਣ ਵਾਲੇ ਬਿਆਨ ਦੇ ਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਸਿਆਸੀ ਬਹਿਸ ਕਰਨ ਲਈ ਦੂਜਿਆਂ ਨੂੰ ਨਿਓਤੇ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਆਪਣੀ ਸਥਿਤੀ ਸਪਸ਼ਟ ਕਰੇ ਕਿ ਮੁੱਖ ਮੰਤਰੀ ਕੁਰਸੀ ਬਚਾਉਣ ਲਈ ਤੇ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਹਿੱਤਾਂ ਦੀ ਬਲੀ ਦੇ ਰਿਹਾ ਹੈ। ਭਗਵੰਤ ਮਾਨ ਯਾਦ ਰੱਖੇ ਕਿ ਪੰਜਾਬ ਦੀ ਇੱਕ ਪੋਟਾ ਜ਼ਮੀਨ ਵੀ SYL ਲਈ ਖ਼ਰਾਬ ਨਹੀਂ ਹੋਵੇਗੀ ਅਤੇ ਇੱਕ ਬੂੰਦ ਪਾਣੀ ਵੀ ਪੰਜਾਬ ਤੋਂ ਜੇਕਰ ਬਾਹਰ ਗਿਆ ਤਾਂ ਪੰਜਾਬ ਦੇ ਪਿੰਡ-ਪਿੰਡ, ਘਰ -ਘਰ ਬੈਠੇ ਅਕਾਲੀ ਇਸਦਾ ਡੱਟ ਕੇ ਵਿਰੋਧ ਕਰਨਗੇ।
ਐਸਵਾਈਐਲ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਖੁੱਲ੍ਹੀ ਬਹਿਸ ਦਾ ਚੈਲੰਜ ਵੀ ਕਰ ਗਏ ਹਨ। 1 ਨਵੰਬਰ ਨੂੰ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ ਕਰਨ ਲਈ ਕਿਹਾ ਗਿਆ ਸੀ, ਜਿਸ ਨੂੰ ਸੁਖਬੀਰ ਬਾਦਲ ਨੇ ਸਵਿਕਾਰ ਕਰ ਲਿਆ ਸੀ।
ਸੁਖਬੀਰ ਬਾਦਲ ਨੇ ਲਿਖਿਆ ਸੀ ਕਿ - ''ਭਗਵੰਤ ਮਾਨ ਤੇਰਾ ਚੈਲੇਂਜ ਮਨਜ਼ੂਰ ਹੈ। 1 ਨਵੰਬਰ ਤਾਂ ਅਜੇ ਬਹੁਤ ਦੂਰ ਹੈ। ਮੈਂ ਆ ਰਿਹਾ ਹਾਂ ਤੇਰੇ ਘਰ ਚੰਡੀਗੜ੍ਹ 10 ਅਕਤੂਬਰ ਨੂੰ। ਹਿੰਮਤ ਹੈ ਤਾਂ ਬਾਹਰ ਆਕੇ ਮਿਲਣਾ ਜ਼ਰੂਰ।
ਪੰਜਾਬ ਦੇ ਪਾਣੀਆਂ ਸਮੇਤ ਸੂਬੇ ਦੇ ਹਰ ਮੁੱਦੇ 'ਤੇ ਕਰਾਂਗੇ ਸਿੱਧੀ ਗੱਲਬਾਤ, ਉਹ ਵੀ ਸਾਰੇ ਮੀਡੀਆ ਦੇ ਸਾਹਮਣੇ। ਪਰ ਹਾਂ ਇੱਕ ਵਾਰ ਪੰਜਾਬ ਦੇ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਓਥੇ ਹੀ ਬੁਲਾ ਲਈਂ ਕਿਉਂਕਿ ਤੇਰੇ ਪੱਲੇ ਤਾਂ ਕੁੱਝ ਹੈ ਨਹੀਂ, ਤੂੰ ਤਾਂ ਇਕੱਲਾ ਮੋਹਰਾ ਹੈਂ, ਇਸ ਕਰਕੇ ਤਾਂ ਤੂੰ ਮੁੱਕਰਨ ਲੱਗੇ ਵੀ ਮਿੰਟ ਲਾਉਂਦਾ ਹੈਂ।''