ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵਿਰੁੱਧ ਦੁਸ਼ਮਣੀ ਦੀ ਰਾਜਨੀਤੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਲੜਾਈ ਦਾ ਜਵਾਬ ਲੋਕਾਂ ਦੀ ਕਚਹਿਰੀ ਵਿੱਚ ਦੇਵੇਗੀ। ਉਨ੍ਹਾਂ ਠੇਕੇਦਾਰ ਤੋਂ ਪੈਸੇ ਵਸੂਲਣ ਦੀ ਸਾਜ਼ਿਸ਼ ਰਚਣ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਦਿੱਤੀ ਜਾ ਰਹੀ ਸ਼ੈਅ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ।ਉਨ੍ਹਾਂ ‘ਆਪ’ ਸਰਕਾਰ ਨੂੰ ਕਿਹਾ ਕਿ ਬਹੁਤ ਹੋ ਗਿਆ। ਅਸੀਂ ਬਿਨਾਂ ਕਿਸੇ ਸਬੂਤ ਦੇ ਤੁਹਾਡੇ ਦੁਆਰਾ ਚੁਣ ਚੁਣ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਡਰਾਉਣ ਦੀ ਹੋਰ ਇਜਾਜ਼ਤ ਨਹੀਂ ਦੇ ਸਕਦੇ।


ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੱਕ ਪਾਸੇ ‘ਆਪ’ ਨੇ ਆਪਣੇ ਦੋ ਮੰਤਰੀਆਂ ਵਿਜੇ ਸਿੰਗਲਾ ਅਤੇ ਫੌਜਾ ਸਿੰਘ ਸਰਾਰੀ ਨੂੰ ਖੁੱਲ੍ਹੇਆਮ ਘੁੰਮਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੰਗਲਾ ਦੇ ਸਬੰਧ ਵਿੱਚ ਤੁਸੀਂ ਡਰਾਮਾ ਕੀਤਾ ਅਤੇ ਬਾਅਦ ਵਿੱਚ ਅਦਾਲਤ ਵਿੱਚ ਕੇਸ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤਾ, ਜੋ ਕਿ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜਾਂ ਤਾਂ ਇਨ੍ਹਾਂ ਕੋਲ ਸਬੂਤ ਨਹੀਂ ਹਨ ਜਾਂ ਉਸਨੂੰ ਬਚਾਉਣ ਲਈ ਅਦਾਲਤ ਤੋਂ ਸਬੂਤ ਛੁਪਾਏ ਗਏ ਹਨ।


ਇਸੇ ਤਰ੍ਹਾਂ ਸਰਾਰੀ ਖ਼ਿਲਾਫ਼ ਵੀ ਸਪੱਸ਼ਟ ਤੌਰ ’ਤੇ ਖੁੱਲ੍ਹਾ ਕੇਸ ਹੈ, ਜਿਸਦੇ ਆਪਣੇ ਓਐਸਡੀ ਨੇ ਆਡੀਓ ਰਿਕਾਰਡਿੰਗ ਸਹੀ ਹੋਣ ਦੀ ਗੱਲ ਮੰਨੀ ਹੈ। ਉਸ ਵਿਰੁੱਧ ਕੋਈ ਕਾਰਵਾਈ ਕਰਨੀ ਤਾਂ ਦੂਰ, ਤੁਸੀਂ ਜਾਂਚ ਵੀ ਸ਼ੁਰੂ ਨਹੀਂ ਕੀਤੀ।


ਉਥੇ ਹੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸ਼ਣ ਆਸ਼ੂ ਅਤੇ ਹੁਣ ਕੈਪਟਨ ਸੰਦੀਪ ਸੰਧੂ ਵਰਗੇ ਕਾਂਗਰਸੀ ਨੇਤਾਵਾਂ 'ਤੇ ਕੇਸ ਦਰਜ ਕਰਨ 'ਤੇ ਵੜਿੰਗ ਨੇ ਕਿਹਾ ਕਿ ਸਿਰਫ ਇਸ ਲਈ ਕਿ ਕਿਸੇ ਨੇ ਦੋਸ਼ ਲਗਾਇਆ ਕਿ ਉਸਨੇ ਕਿਸੇ ਨੂੰ ਪੈਸੇ ਦਿੱਤੇ ਜਾਂ ਕੋਈ ਕੰਮ ਕਰਨ ਲਈ ਉਸ ਨੂੰ ਕਿਹਾ ਗਿਆ, ਤੁਸੀਂ ਮਾਮਲਾ ਦਰਜ ਕਰਕੇ ਇਕ ਸਾਬਕਾ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ ਸੀ।


ਉਨ੍ਹਾਂ ਖ਼ੁਲਾਸਾ ਕੀਤਾ ਕਿ ਵੱਡੀ ਗਿਣਤੀ ਵਿੱਚ ਕਾਂਗਰਸੀ ਸਰਪੰਚਾਂ ਅਤੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਦੁਸ਼ਮਣੀ ਦੀ ਰਾਜਨੀਤੀ ਤਹਿਤ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ। ਇਹ ਤਾਨਾਸ਼ਾਹੀ ਅਤੇ ਅਸਵੀਕਾਰਨਯੋਗ ਹੈ।


ਸੂਬਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ‘ਆਪ’ ਇੱਕ ਖ਼ਤਰਨਾਕ ਵਰਤਾਰਾ ਪੈਦਾ ਕਰ ਰਹੀ ਹੈ ਅਤੇ ਜੇਕਰ ਇਸਨੂੰ ਇੱਥੇ ਤੇ ਹੁਣ ਨਾ ਰੋਕਿਆ ਗਿਆ ਤਾਂ ਇਸਦਾ ਕੋਈ ਅੰਤ ਨਹੀਂ ਹੋਵੇਗਾ। ਤੁਸੀਂ ਸਦਾ ਲਈ ਸੱਤਾ ਵਿਚ ਨਹੀਂ ਰਹਿਣ ਵਾਲੇ ਅਤੇ ਤੁਸੀਂ ਕਿਤੇ ਜਾਣ ਵਾਲੇ ਨਹੀਂ ਹੋ, ਤੁਹਾਨੂੰ ਇੱਥੇ ਨਤੀਜੇ ਭੁਗਤਣੇ ਪੈਣਗੇ।


ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ 'ਆਪ' ਸਰਕਾਰ ਦੇ ਹੁਕਮਾਂ ਦੀ ਅੰਨ੍ਹੇਵਾਹ ਪਾਲਣਾ ਨਾ ਕਰਨ ਦੀ ਚੇਤਾਵਨੀ ਦਿੱਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਿਮਾਗ ਦੀ ਵਰਤੋਂ ਕਰਨ ਅਤੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਵਿਰੋਧੀ ਹਦਾਇਤਾਂ ਦੀ ਅੰਨ੍ਹੇਵਾਹ ਪਾਲਣਾ ਨਾ ਕਰਨ। ਹੋ ਸਕਦਾ ਹੈ ਕਿ ਆਪ ਨੇ ਸਾਡੇ ਵਿਰੁੱਧ ਕੋਈ ਸਿਆਸੀ ਬਦਲਾਖੋਰੀ ਕਰਨੀ ਹੋਵੇ, ਪਰ ਤੁਸੀਂ ਇਸ ਵਿੱਚ ਧਿਰ ਕਿਉਂ ਬਣ ਰਹੇ ਹੋ।


ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂਆਂ ਖਿਲਾਫ ਦੁਸ਼ਮਣੀ ਅਤੇ ਧੱਕੇਸ਼ਾਹੀ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ। ਅਸੀਂ ਪ੍ਰਦਰਸ਼ਨਾਂ ਨੂੰ ਸੜਕਾਂ 'ਤੇ ਲੈ ਕੇ ਜਾਵਾਂਗੇ ਅਤੇ ਹੋਰ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਸਰਕਾਰ ਤੋਂ ਦੁਸ਼ਮਣੀ ਦੀ ਰਾਜਨੀਤੀ ਤਹਿਤ ਦਰਜ ਕੀਤੇ ਝੂਠੇ ਕੇਸਾਂ ਵਿੱਚ ਸਬੂਤ ਪੇਸ਼ ਕਰਨ ਲਈ ਕਿਹਾ।


ਉਨ੍ਹਾਂ 'ਆਪ' ਸਰਕਾਰ ਨੂੰ ਕਿਹਾ ਕਿ ਸਾਵਧਾਨ ਰਹੋ, ਕਿਉਂਕਿ ਪੰਜਾਬ ਦੇ ਲੋਕ ਤੁਹਾਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਨੇ ਤੁਹਾਨੂੰ ਆਪਣੇ ਸਿਆਸੀ ਵਿਰੋਧੀਆਂ ਨਾਲ ਦੁਸ਼ਮਣੀ ਦੀ ਰਾਜਨੀਤੀ ਕਰਨ ਲਈ ਨਹੀਂ ਚੁਣਿਆ ਸੀ, ਲੋਕਾਂ ਨੇ ਤੁਹਾਨੂੰ ਸ਼ਾਸਨ ਚਲਾਉਣ ਲਈ ਚੁਣਿਆ ਹੈ, ਜਿਸ ਸੰਦਰਭ 'ਚ ਤੁਸੀਂ ਜਾਂ ਨਹੀਂ ਜਾਣਦੇ ਪ੍ਰਸ਼ਾਸਨ ਕਿਵੇਂ ਚਲਾਇਆ ਜਾਵੇ ਜਾਂ ਫਿਰ ਤੁਹਾਡੀ ਇਸਨੂੰ ਸਿੱਖਣ ਦੀ ਸੋਚ ਨਹੀਂ ਹੈ।