Pak Attack on Chandigarh: ਚੰਡੀਗੜ੍ਹ ਪਾਕਿਸਤਾਨੀ ਫੌਜ ਦੇ ਨਿਸ਼ਾਨੇ ਉਪਰ ਹੈ। ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪਾਕਿ ਫੌਜ ਵੱਲੋਂ ਚੰਡੀਗੜ੍ਹ ਉਪਰ ਹਮਲਾ ਕੀਤਾ ਗਿਆ ਪਰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਲੰਘੀ ਰਾਤ ਵੀ ਚੰਡੀਗੜ੍ਹ ਉਪਰ ਹਮਲੇ ਦੀ ਕਨਸੋਅ ਮਗਰੋਂ ਬਲੈਕ ਆਊਟ ਕਰ ਦਿੱਤਾ ਗਿਆ। ਇਸ ਮਗਰੋਂ ਅੱਜ ਸਵੇਰੇ ਫਿਰ ਚੰਡੀਗੜ੍ਹ ਵਿੱਚ ਹਫੜਾ-ਦਫੜੀ ਮਚ ਗਈ ਜਦੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਚਾਨਕ ਸਾਇਰਨ ਵੱਜਣੇ ਸ਼ੁਰੂ ਹੋ ਗਏ। 

ਹਾਸਲ ਜਾਣਕਾਰੀ ਅਨੁਸਾਰ, ਇਹ ਕਦਮ ਏਅਰ ਫੋਰਸ ਸਟੇਸ਼ਨ ਤੋਂ ਸੰਭਾਵੀ ਹਵਾਈ ਹਮਲੇ ਦੀ ਚੇਤਾਵਨੀ ਮਿਲਣ ਤੋਂ ਬਾਅਦ ਚੁੱਕਿਆ ਗਿਆ। ਇਸ ਨੂੰ ਵੇਖਦਿਆਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਹਾਲਾਤ ਉਪਰ ਨਜ਼ਰ ਰੱਖਣ ਲਈ ਡੀਸੀ ਦਫ਼ਤਰ 10, 11 ਤੇ 12 ਮਈ ਨੂੰ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ। ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਏਅਰ ਫੋਰਸ ਸਟੇਸ਼ਨ ਤੋਂ ਸੂਚਨਾ ਮਿਲੀ ਸੀ ਕਿ ਸੰਭਾਵੀ ਹਵਾਈ ਹਮਲਾ ਹੋ ਸਕਦਾ ਹੈ, ਜਿਸ ਤੋਂ ਬਾਅਦ ਪੂਰੇ ਸ਼ਹਿਰ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਕੋਈ ਆਪਣੇ ਘਰਾਂ ਵਿੱਚ ਰਹੇ, ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਜਾਵੇ ਤੇ ਬਾਲਕੋਨੀਆਂ ਜਾਂ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹੇ।

ਸਾਇਰਨ ਵੱਜਦੇ ਹੀ ਦੁਕਾਨਾਂ ਦੇ ਸ਼ਟਰ ਬੰਦ 

ਅੱਜ ਸਵੇਰੇ ਸਾਇਰਨ ਵੱਜਦੇ ਹੀ ਸੈਕਟਰ 22 ਸੈਕਟਰ 17, ਸੈਕਟਰ 35 ਸਮੇਤ ਕਈ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਤੁਰੰਤ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਲੋਕ ਇਧਰ-ਉਧਰ ਭੱਜਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਕੂਲਾਂ ਪ੍ਰਤੀ ਵੀ ਸਾਵਧਾਨੀ ਵਰਤੀ ਹੈ। ਸੈਕਟਰ-31 ਵਿੱਚ ਸਥਿਤ ਸੈਂਟਰਲ ਸਕੂਲ, ਜਿੱਥੇ ਹਵਾਈ ਸੈਨਾ ਦੇ ਜਵਾਨਾਂ ਤੇ ਅਧਿਕਾਰੀਆਂ ਦੇ ਬੱਚੇ ਪੜ੍ਹਦੇ ਹਨ, ਵਿੱਚ 10 ਮਈ ਤੱਕ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਭਰ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿੱਚ 10 ਮਈ ਤੱਕ ਛੁੱਟੀ ਐਲਾਨ ਦਿੱਤੀ ਗਈ ਹੈ।

ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ 

ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਸੁਰੱਖਿਆ ਏਜੰਸੀਆਂ ਅਲਰਟ ਮੋਡ 'ਤੇ ਹਨ ਤੇ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਗਈ ਹੈ। ਨਾਗਰਿਕਾਂ ਨੂੰ ਅਫਵਾਹਾਂ ਤੋਂ ਬਚਣ ਤੇ ਸਿਰਫ਼ ਪ੍ਰਸ਼ਾਸਨਿਕ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ।