Fake Visa Agents in Chandigarh: ਚੰਡੀਗੜ੍ਹ ਵਿੱਚ ਜਾਅਲੀ ਟਰੈਵਲ ਏਜੰਟਾਂ ਤੋਂ ਸਾਵਧਾਨ ਹੋ ਜਾਓ। ਚੰਡੀਗੜ੍ਹ ਵਿੱਚ ਦੱਖਣ-ਪੱਛਮੀ ਡਿਵੀਜ਼ਨ ਵਿੱਚ ਕੁੱਲ 149 ਇਮੀਗ੍ਰੇਸ਼ਨ ਕੰਪਨੀਆਂ ਹਨ ਪਰ ਇਨ੍ਹਾਂ ਵਿੱਚੋਂ ਸਿਰਫ਼ 43 ਹੀ ਵੈਰੀਫਾਈਡ ਹਨ ਜਦੋਂਕਿ 106 ਕੰਪਨੀਆਂ ਦੀ ਵੈਰੀਫਿਕੇਸ਼ਨ ਅੰਡਰ ਪ੍ਰੋਸੈੱਸ ਹੈ। ਹੁਣ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟਰੇਟ ਨਿਸ਼ਾਂਤ ਯਾਦਵ ਨੇ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਤਹਿਤ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਸਾਰੇ ਟਰੈਵਲ ਤੇ ਵੀਜ਼ਾ ਏਜੰਟਾਂ ਨੂੰ ਆਪਣੀ ਪੂਰੀ ਜਾਣਕਾਰੀ ਐਸਡੀਐਮ ਦਫ਼ਤਰ ਵਿੱਚ ਜਮ੍ਹਾਂ ਕਰਾਉਣ ਦੀ ਲੋੜ ਹੈ। ਇਹ ਆਦੇਸ਼ 10 ਨਵੰਬਰ ਦੀ ਰਾਤ ਨੂੰ ਲਾਗੂ ਹੋਇਆ ਹੈ ਤੇ 8 ਜਨਵਰੀ, 2026 ਤੱਕ ਲਾਗੂ ਰਹੇਗਾ। ਆਦੇਸ਼ ਮੁਤਾਬਕ ਜੋ ਵੀ ਇਸ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦਾ ਹੈ, ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਦਰਅਸਲ ਵਿਦੇਸ਼ ਭੇਜਣ ਦੀ ਆੜ ਵਿੱਚ ਲੋਕ ਰੋਜ਼ਾਨਾ ਲੱਖਾਂ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਪੁਲਿਸ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਵਿਰੁੱਧ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਦੱਖਣ-ਪੱਛਮੀ ਡਿਵੀਜ਼ਨ ਵਿੱਚ ਕੁੱਲ 149 ਇਮੀਗ੍ਰੇਸ਼ਨ ਕੰਪਨੀਆਂ ਵਿੱਚੋਂ ਸਿਰਫ਼ 43 ਦੀ ਵੈਰੀਫਾਈਡ ਹਨ। ਇਸ ਬਾਰੇ ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ ਬਿਨਾਂ ਇਜਾਜ਼ਤ ਦੇ ਕੰਮ ਕਰਨ ਵਾਲੀਆਂ ਇਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਸਬੰਧਤ ਥਾਣੇ ਦੀ ਪੁਲਿਸ ਅਜਿਹੇ ਧੋਖੇਬਾਜ਼ ਵੀਜ਼ਾ ਏਜੰਟਾਂ ਦੀ ਪਛਾਣ ਕਰਨ ਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਵੀ ਜ਼ਿੰਮੇਵਾਰ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ 'ਤੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਹੋ ਸਕਦੀ ਹੈ। ਇਸ ਲਾਪ੍ਰਵਾਹੀ ਦੇ ਨਤੀਜੇ ਵਜੋਂ ਲੋਕ ਆਪਣੀ ਮਿਹਨਤ ਦੀ ਕਮਾਈ ਅਜਿਹੇ ਏਜੰਟਾਂ ਨੂੰ ਦੇ ਕੇ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।
ਆਦੇਸ਼ ਅਨੁਸਾਰ ਬਹੁਤ ਸਾਰੇ ਟ੍ਰੈਵਲ ਏਜੰਟ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਰਾਜਾਂ ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਧੋਖਾ ਦੇ ਰਹੇ ਹਨ। ਉਹ ਅਖ਼ਬਾਰਾਂ ਵਿੱਚ ਝੂਠੇ ਤੇ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਕਰਦੇ ਹਨ, ਲੋਕਾਂ ਤੋਂ ਲੱਖਾਂ ਰੁਪਏ ਵਸੂਲਦੇ ਹਨ ਤੇ ਫਿਰ ਦਫ਼ਤਰ ਬੰਦ ਕਰ ਦਿੰਦੇ ਹਨ ਤੇ ਥੋੜ੍ਹੀ ਦੇਰ ਬਾਅਦ ਫਰਾਰ ਹੋ ਜਾਂਦੇ ਹਨ। ਇਹ ਗੈਰ-ਕਾਨੂੰਨੀ ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਜਨਤਾ ਦੀ ਜਾਨ, ਸਿਹਤ ਤੇ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀਆਂ ਹਨ।
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਜਨਤਾ ਨੂੰ ਨੁਕਸਾਨ ਤੋਂ ਬਚਾਉਣ ਲਈ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਉਪਾਅ ਜ਼ਰੂਰੀ ਹਨ। ਆਦੇਸ਼ ਅਨੁਸਾਰ, ਮੌਜੂਦਾ ਟ੍ਰੈਵਲ ਏਜੰਟਾਂ ਨੂੰ ਆਪਣੇ ਮਾਲਕ, ਸੰਚਾਲਕ ਜਾਂ ਮੈਨੇਜਰ ਬਾਰੇ ਪੂਰੀ ਜਾਣਕਾਰੀ ਨਿਰਧਾਰਤ ਫਾਰਮੈਟ ਵਿੱਚ ਸਬੰਧਤ ਖੇਤਰ ਦੇ ਐਸਡੀਐਮ ਦਫ਼ਤਰ ਨੂੰ ਜਮ੍ਹਾਂ ਕਰਾਉਣੀ ਚਾਹੀਦੀ ਹੈ। ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਏਜੰਟਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਰ ਹਫ਼ਤਿਆਂ ਦੇ ਅੰਦਰ ਆਪਣੀ ਜਾਣਕਾਰੀ ਦੀ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ।