Punjab News : ਕਰਨਾਟਕਾ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਉੱਥੇ ਪਹੁੰਚੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਹੁਬਲੀ ਵਿਖੇ ਰੋਡ ਸ਼ੋਅ ਦੌਰਾਨ ਵਿਰੋਧੀਆਂ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਰਨਾਟਕਾ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਉਨਾਂ ਲੋਕਾਂ ਨੂੰ 'ਆਪ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਦੀ ਹੈ ਅਤੇ ਦਿੱਲੀ ਅਤੇ ਪੰਜਾਬ ਇਸਦੀ ਪ੍ਰਤੱਖ ਉਦਾਹਰਨ ਹਨ।
ਕਰਨਾਟਕਾ ਵਿਖੇ ਗਰਮਾਏ ਸਿਆਸੀ ਪਿੜ ਦੌਰਾਨ ਆਮ ਆਦਮੀ ਪਾਰਟੀ ਦੀ ਪ੍ਰਚਾਰ ਲਹਿਰ ਨੂੰ ਅਗਲੇ ਪੜਾਅ ਵਿੱਚ ਦਾਖਲ ਕਰਦਿਆਂ ਅੱਜ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਕਰਨਾਟਕਾ ਦੇ ਹੁਬਲੀ ਵਿਖੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਦੌਰਾਨ ਉਨਾਂ ਕਾਂਗਰਸ ਅਤੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਇਨਾਂ ਨੇ 75 ਸਾਲਾਂ ਤੋਂ ਦੇਸ਼ ਨੂੰ ਲੁੱਟਿਆ ਹੈ। ਸ.ਮਾਨ ਨੇ ਕਿਹਾ ਕਿ ਕਾਂਗਰਸ ਨੂੰ ਦੇਸ਼ਵਾਸੀ ਹੁਣ ਨਕਾਰ ਚੁੱਕੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਹੁਣ ਚੇਂਜ (Chenge) ਦਾ ਨਹੀਂ ਬਲਕਿ (Exchange) ਦਾ ਪ੍ਰਤੀਕ ਹੈ, ਜਿਸਦਾ ਕੋਈ ਆਗੂ ਜੇਕਰ ਕੋਈ ਚੋਣ ਜਿੱਤਦਾ ਹੈ ਤਾਂ ਨਾਲ ਹੀ ਆਪਣਾ ਵਿਕਣ ਦਾ ਰੇਟ ਵੀ ਤੈਅ ਕਰ ਲੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੂੰ ਹੁਣ ਆਪਣੇ ਦਫ਼ਤਰ ਦੇ ਬਾਹਰ ਇਹ ਲਿਖਕੇ ਲਾ ਲੈਣਾ ਚਾਹੀਦਾ ਹੈ ਕਿ 'ਇੱਥੇ ਲੋਕਾਂ ਦੁਆਰਾ ਚੁਣੇ ਹੋਏ ਵਿਧਾਇਕ ਵੇਚੇ ਜਾਂਦੇ ਹਨ।'
ਮੁੱਖ-ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਨਰੇਂਦਰ ਮੋਦੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਨੇ ਦੇਸ਼ ਅਤੇ ਰਾਜ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਲਈ ਕੋਈ ਸੱਚਾ ਵਾਅਦਾ ਕਰਨ ਦੀ ਬਜਾਏ ਹਰ ਵੇਲੇ ਉਨ੍ਹਾਂ ਨੂੰ ਸਿਰਫ਼ ਜੁਮਲੇ ਸੁਣਾਉਂਦੇ ਹਨ। ਸ.ਮਾਨ ਨੇ ਕਿਹਾ ਕਿ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ਵਾਸੀਆਂ ਨੂੰ 15 ਲੱਖ ਦਾ ਵਾਅਦਾ ਕੀਤਾ ਪਰ ਜਦ ਸਰਕਾਰ ਬਣੀ ਤਾਂ ਇਹ ਪੈਸਾ ਤਾਂ ਲੋਕਾਂ ਨੂੰ ਕੀ ਮਿਲਣਾ ਸੀ ਉਲਟਾ ਭਾਜਪਾ ਸਰਕਾਰ ਨੇ ਨੋਟਬੰਦੀ ਕਰ ਲੋਕਾਂ ਦੇ ਖਾਤਿਆਂ ਵਿੱਚ ਪਏ ਬਚੇ-ਖੁਚੇ ਪੈਸੇ ਵੀ ਉਨ੍ਹਾਂ ਤੋਂ ਖੋਹ ਲਏ।
ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕਰਨਾਟਕਾ ਦੀਆਂ ਸਮੱਸਿਆਵਾਂ ਇੱਕੋ ਜਹੀਆਂ ਹਨ। ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ, ਭ੍ਰਿਸ਼ਟਾਚਾਰ ਤੋਂ ਛੁਟਕਾਰਾ ਚਾਹੀਦਾ ਹੈ। ਚੰਗੇ ਸਕੂਲ, ਕਾਲਜ, ਹਸਪਤਾਲ ਚਾਹੀਦੇ ਹਨ। ਵਪਾਰ ਕਰਨ ਲਈ ਚੰਗਾ ਮਾਹੌਲ ਚਾਹੀਦਾ ਹੈ। ਚੰਗੀਆਂ ਸੜਕਾਂ, ਚੰਗੀ ਵਿਵਸਥਾ ਚਾਹੀਦੀ ਹੈ, ਅਤੇ ਇਹ ਸਭ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ। ਉਨ੍ਹਾਂ ਪੰਜਾਬ ਵਿੱਚ 'ਆਪ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। 80 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ। ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ। ਪਿਛਲੀਆਂ ਸਰਕਾਰਾ ਦੇ ਸਮੇਂ ਲੋਕਾਂ ਨੂੰ ਲੁੱਟਣ ਵਾਲੇ ਹੁਣ ਜੇਲ ਵਿੱਚ ਹਨ ਅਤੇ ਸਰਕਾਰ ਉਨ੍ਹਾਂ ਵੱਲੋਂ ਲੁੱਟੇ ਪੈਸੇ ਨੂੰ ਵਸੂਲ ਕਰ ਉਸ ਨਾਲ ਪੰਜਾਬ ਦਾ ਖਜ਼ਾਨਾ ਭਰ ਰਹੀ ਹੈ ਅਤੇ ਲੋਕ-ਭਲਾਈ ਦੇ ਕੰਮ ਹੋ ਰਹੇ ਹਨ।
ਭਗਵੰਤ ਮਾਨ ਨੇ 'ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਵਰਗਾ ਨੇਤਾ ਦੇਸ਼ ਵਿੱਚ ਇੱਕੋ ਹੈ ਜੋ ਦੇਸ਼ ਦੀ ਤਰੱਕੀ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸਰਕਾਰੀ ਸਕੂਲਾਂ ਵਿੱਚ ਕੀਤੇ ਸੁਧਾਰਾਂ ਦੀ ਬਦੌਲਤ ਹੁਣ ਦਿੱਲੀ ਦੇ ਆਮ ਨਾਗਰਿਕਾਂ ਦੇ ਬੱਚੇ ਵੀ ਚੰਗੀ ਸਿੱਖਿਆ ਹਾਸਿਲ ਕਰ ਰਹੇ ਹਨ ਅਤੇ ਵੱਡੇ ਅਹੁਦਿਆਂ ਤੇ ਬੈਠਣ ਦੇ ਯੋਗ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇਸ਼ ਨੂੰ ਅਤੇ ਦੇਸ਼ਵਾਸੀਆਂ ਨੂੰ ਸਮਰਪਿਤ ਹੈ ਜੋ ਕਿ ਕਿਸੇ ਸਰਵੇ ਵਿੱਚ ਨਹੀਂ ਬਲਕਿ ਸਿੱਧਾ ਸਰਕਾਰ ਵਿੱਚ ਹੀ ਆਉਂਦੀ ਹੈ। ਜੇਕਰ ਕਰਨਾਟਕਾ ਵਾਸੀ ਉਨ੍ਹਾਂ ਨੂੰ ਇੱਕ ਮੌਕਾ ਦਿੰਦੇ ਹਨ ਤਾਂ ਇਹ ਪੱਕਾ ਹੈ ਕਿ ਮੁੜ ਸੂਬੇ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਕਦੇ ਨਹੀਂ ਚੁਣਨਗੇ।
ਕਰਨਾਟਕ ਦੇ ਹੁਬਲੀ ਵਿਖੇ ਗਰਜੇ ਭਗਵੰਤ ਮਾਨ! 'ਆਪ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਾਂਗਰਸ-ਬੀਜੇਪੀ ਤੇ ਸਾਧੇ ਤਿੱਖੇ ਨਿਸ਼ਾਨੇ
ਏਬੀਪੀ ਸਾਂਝਾ
Updated at:
18 Apr 2023 06:12 PM (IST)
Punjab News : ਕਰਨਾਟਕਾ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਉੱਥੇ ਪਹੁੰਚੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਹੁਬਲੀ ਵਿਖੇ ਰੋਡ ਸ਼ੋਅ ਦੌਰਾਨ ਵਿਰੋਧੀਆਂ 'ਤੇ
Aam Aadmi Party
NEXT
PREV
Published at:
18 Apr 2023 06:12 PM (IST)
- - - - - - - - - Advertisement - - - - - - - - -