5 ਸਾਲ ਦੀ ਬੱਚੀ ਨਾਲ ਜਿਨਸੀ ਸੋਸ਼ਣ ਅਤੇ ਕਤਲ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਸੋਨੂ ਸਿੰਘ ਚੰਡੀਗੜ੍ਹ ਦੇ ਜੀਐਮਸੀਐਚ-32 ਹਸਪਤਾਲ ਤੋਂ ਫਰਾਰ ਹੋ ਗਿਆ। ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਨੇ ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਕੇ ਆਪਣੇ ਆਪ ਨੂੰ ਛੜਵਾ ਲਿਆ ਤੇ ਹਥਕੜੀ ਵੀ ਸੁੱਟ ਦਿੱਤੀ। ਇਸ ਤੋਂ ਬਾਅਦ ਉਸ ਨੇ ਹਸਪਤਾਲ ਦੀ ਭੀੜ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਭੱਜਣ 'ਚ ਕਾਮਯਾਬੀ ਹਾਸਲ ਕਰ ਲਈ। ਇਹ ਸਾਰੀ ਘਟਨਾ ਇੰਨੀ ਫ਼ਿਲਮੀ ਅੰਦਾਜ਼ ਨਾਲ ਹੋਈ ਕਿ ਹਰ ਕੋਈ ਸੁਣ ਕੇ ਦੰਗ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਦੋਸ਼ੀ ਦੀ ਤਲਾਸ਼ 'ਚ ਜੁੱਟ ਗਈਆਂ ਹਨ।
ਇਲਾਜ ਲਈ ਲੁਧਿਆਣਾ ਜੇਲ੍ਹ ਤੋਂ ਲਿਆਂਦਾ ਗਿਆ ਸੀ
ਦੋਸ਼ੀ ਸੋਨੂ ਸਿੰਘ (29) ਉੱਤਰ ਪ੍ਰਦੇਸ਼ ਦੇ ਫ਼ਤੇਹਪੁਰ ਜ਼ਿਲ੍ਹੇ ਦੇ ਪਿੰਡ ਟੇਸਾਹੀ ਬੁਜ਼ੁਰਗ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਸੈਂਟਰਲ ਜੇਲ੍ਹ 'ਚ ਫਾਂਸੀ ਦੀ ਸਜ਼ਾ ਕੱਟ ਰਿਹਾ ਸੀ। ਉਸਨੂੰ ਕੁਝ ਸਮੇਂ ਤੋਂ ਬਿਮਾਰ ਹੋਣ ਕਰਕੇ ਇਲਾਜ ਲਈ ਪੰਜਾਬ ਪੁਲਿਸ ਚੰਡੀਗੜ੍ਹ ਜੀਐਮਸੀਐਚ-32 ਹਸਪਤਾਲ ਲੈ ਕੇ ਆਈ ਸੀ। ਰਾਤ ਕਰੀਬ 11:45 ਵਜੇ ਜਦੋਂ ਪੁਲਿਸ ਕਰਮਚਾਰੀ ਉਸਨੂੰ ਸ਼ੌਚਾਲੇ ਲੈ ਗਏ, ਤਾਂ ਸੋਨੂ ਨੇ ਮੌਕਾ ਪਾ ਕੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਫਰਾਰ ਹੋ ਗਿਆ।
ਸੂਤਰਾਂ ਅਨੁਸਾਰ, ਕੈਦੀ ਦੇ ਹੱਥ ਪਤਲੇ ਹੋਣ ਕਾਰਨ ਹਥਕੜੀ ਉਸਦੇ ਹੱਥੋਂ ਨਿਕਲ ਗਈ। ਉਸਨੇ ਹਥਕੜੀ ਸੁੱਟ ਦਿੱਤੀ ਅਤੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਮੌਜੂਦ ਭੀੜ ਦਾ ਫਾਇਦਾ ਚੁੱਕਦਿਆਂ ਬਾਹਰ ਨਿਕਲ ਗਿਆ। ਪੁਲਿਸ ਕਰਮਚਾਰੀਆਂ ਨੇ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰਾਤ ਦੇ ਹਨੇਰੇ 'ਚ ਗਾਇਬ ਹੋ ਗਿਆ।
ਬਲਾਤਕਾਰ ਤੋਂ ਬਾਅਦ ਬੈੱਡ ਬਾਕਸ ‘ਚ ਲਕੋਈ ਸੀ ਲਾਸ਼
ਆਰੋਪੀ ਸੋਨੂ ਨੂੰ ਮਾਰਚ 2025 ‘ਚ ਲੁਧਿਆਣਾ ਦੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਅਤੇ ਸਵਾ ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਉਸ ‘ਤੇ ਦੋਸ਼ ਸੀ ਕਿ ਉਸਨੇ 28 ਦਸੰਬਰ 2023 ਨੂੰ ਇੱਕ ਪੰਜ ਸਾਲਾ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਕਮਰੇ ‘ਚ ਬੁਲਾਇਆ, ਉਸ ਨਾਲ ਦੁਰਵਿਵਹਾਰ ਕੀਤਾ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਬੈੱਡ ਬਾਕਸ ‘ਚ ਲੁਕਾ ਕੇ ਫਰਾਰ ਹੋ ਗਿਆ ਸੀ।
ਜਦੋਂ ਬੱਚੀ ਗੁੰਮ ਹੋਈ ਤਾਂ ਪੁਲਿਸ ਨੇ ਜਾਂਚ ਕੀਤੀ, ਜਿਸ ‘ਚ ਸੀਸੀਟੀਵੀ ਫੁਟੇਜ ‘ਚ ਸੋਨੂ ਬੱਚੀ ਨਾਲ ਜਾਂਦਾ ਹੋਇਆ ਨਜ਼ਰ ਆਇਆ। ਕਮਰੇ ਦਾ ਤਾਲਾ ਤੋੜਣ ‘ਤੇ ਪੁਲਿਸ ਨੂੰ ਬੈੱਡ ਬਾਕਸ ‘ਚੋਂ ਬੱਚੀ ਦੀ ਲਾਸ਼ ਮਿਲੀ। ਡੀਐਨਏ ਰਿਪੋਰਟ ਅਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਸੋਨੂ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।