Chandigarh News: ਚੰਡੀਗੜ੍ਹ ਵਿੱਚ ਜ਼ਿਲ੍ਹਾ ਅਦਾਲਤ ਨੇ 15 ਸਾਲ ਪਹਿਲਾਂ MBA ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਸੀਰੀਅਲ ਕਿਲਰ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੌਰਾਨ, ਵਿਦਿਆਰਥਣ ਦੇ ਮਾਪਿਆਂ ਨੇ ਕਿਹਾ ਕਿ ਅਜਿਹੇ ਅਪਰਾਧੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ।
ਅਦਾਲਤ ਦੇ ਕਮਰੇ ਦੇ ਅੰਦਰ, ਨੇਹਾ ਦੇ ਮਾਪੇ ਦਰਵਾਜ਼ਾ ਬੰਦ ਕਰਕੇ ਜੱਜ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਨੇ ਜੱਜ ਨੂੰ ਕਿਹਾ ਕਿ ਦੋਸ਼ੀ ਨੂੰ ਉਮਰ ਕੈਦ ਦੀ ਨਹੀਂ, ਸਗੋਂ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ, ਤਾਂ ਹੀ ਉਨ੍ਹਾਂ ਨੂੰ ਇਨਸਾਫ਼ ਮਿਲਦਾ। ਮ੍ਰਿਤਕ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਦੋਸ਼ੀ ਨੂੰ ਉਮਰ ਕੈਦ ਦੀ ਬਜਾਏ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ, ਅਤੇ ਜਿਸ ਨੂੰ ਲੈਕੇ ਉਹ ਸੋਚਣਗੇ ਕਿ ਅੱਗੇ ਅਪੀਲ ਕਰਨੀ ਹੈ ਜਾਂ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਅਕਤੀ ਇਨਸਾਨ ਨਹੀਂ ਸਗੋਂ ਜਾਨਵਰ ਹੈ, ਉਸਦਾ ਕੋਈ ਦਿਲ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ Scientist ਸੁਨੀਤਾ ਵਰਮਾ ਨੇ ਇਸ ਮਾਮਲੇ ਵਿੱਚ ਬਹੁਤ ਮਦਦ ਕੀਤੀ ਹੈ। ਸ਼ੁਰੂ ਵਿੱਚ, ਜਦੋਂ ਸੈਕਟਰ 56 ਵਿੱਚ ਇੱਕ ਔਰਤ ਨਾਲ ਬਲਾਤਕਾਰ ਅਤੇ ਕਤਲ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਉੱਥੋਂ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਸਨ। ਉਸ ਦੇ ਮੂੰਹ ਵਿੱਚ ਰੂੰ ਭਰਿਆ ਹੋਇਆ ਸੀ, ਅਤੇ ਇਸੇ ਤਰ੍ਹਾਂ ਨੇਹਾ ਦੇ ਮੂੰਹ ਵਿੱਚ ਵੀ ਰੂੰ ਭਰਿਆ ਹੋਇਆ ਸੀ। ਇਸ 'ਤੇ, ਉਨ੍ਹਾਂ ਨੇ ਸ਼ੁਰੂ ਤੋਂ ਹੀ ਕਿਹਾ ਸੀ ਕਿ ਦੋਵਾਂ ਮਾਮਲਿਆਂ ਵਿੱਚ ਦੋਸ਼ੀ ਇੱਕ ਹੀ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਕੀ ਹੈ ਪੂਰਾ ਮਾਮਲਾ?
ਸੈਕਟਰ-38 ’ਚ ਕਰੀਬ 15 ਸਾਲ ਪਹਿਲਾਂ 2010 ’ਚ ਪੁਲਿਸ ਨੇ 21 ਸਾਲਾ ਐੱਮ. ਬੀ. ਏ. ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਸੀ। ਪੋਸਟਮਾਰਟਮ ਰਿਪੋਰਟ ’ਚ ਖ਼ੁਲਾਸਾ ਹੋਇਆ ਕਿ ਵਿਦਿਆਰਥਣ ਦਾ ਕਤਲ ਅਤੇ ਜਬਰ-ਜ਼ਿਨਾਹ ਵੀ ਕੀਤਾ ਸੀ। ਕਈ ਸਾਲਾਂ ਦੀ ਜਾਂਚ ਮਗਰੋਂ ਜਦੋਂ ਪੁਲਿਸ ਨੂੰ ਮੁਲਜ਼ਮ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਅਦਾਲਤ ’ਚ ਮਾਮਲੇ ਸਬੰਧੀ ਅਨਟਰੇਸ ਰਿਪੋਰਟ ਦਾਇਰ ਕੀਤੀ। ਹਾਲਾਂਕਿ ਪੁਲਿਸ ਨੇ ਗੁਪਤ ਤਰੀਕੇ ਨਾਲ ਮਾਮਲੇ ਦੀ ਜਾਂਚ ਜਾਰੀ ਰੱਖੀ।
ਪੁਲਿਸ ਨੇ ਵਿਦਿਆਰਥਣ ਦੀ ਲਾਸ਼ ਤੋਂ DNA ਸੈਂਪਲ ਲਿਆ ਅਤੇ ਇਸ ਨੂੰ ਕਰੀਬ 100 ਲੋਕਾਂ ਨਾਲ ਮਿਲਾਇਆ ਗਿਆ ਪਰ ਨਤੀਜਾ ਜ਼ੀਰੋ ਰਿਹਾ। ਪਿਛਲੇ ਸਾਲ ਪੁਲਿਸ ਨੂੰ ਇਸ ਮਾਮਲੇ ’ਚ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਡੱਡੂਮਾਜਰਾ ਨੇੜੇ ਸ਼ਾਹਪੁਰ ਕਾਲੋਨੀ ਦੇ ਮੋਨੂੰ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਅਤੇ ਪੁੱਛਗਿੱਛ ਕਰਕੇ ਉਸ ਦੇ DNA ਸੈਂਪਲ ਇਕੱਠੇ ਕੀਤੇ। ਜਦੋਂ ਪੁਲਿਸ ਨੇ DNAਟੈਸਟ ਕੀਤਾ ਤਾਂ ਰਿਪੋਰਟ ’ਚ ਪਤਾ ਲੱਗਿਆ ਕਿ ਮੁਲਜ਼ਮ ਮੋਨੂੰ ਕੁਮਾਰ ਅਤੇ ਮ੍ਰਿਤਕਾ ਐੱਮ. ਬੀ. ਏ. ਵਿਦਿਆਰਥਣ ਦੇ DNA ਮੇਲ ਖਾ ਗਏ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।